ਸਿੰਚਾਈ ਵਿਭਾਗ ਦਾ ਕਰਮਚਾਰੀ ਲਾਪਤਾ, 63 ਨੂੰ ਏਅਰਫੋਰਸ ਨੇ ਬਚਾਇਆ
‘ਚਿਨੂਕ’ ਹੈਲੀਕਾਪਟਰ ਰਾਹੀਂ ਚਲਾਇਆ ਰਾਹਤ ਕਾਰਜ
ਪਠਾਨਕੋਟ, 27 ਅਗਸਤ : ਅੱਜ ਦੁਪਹਿਰ ਰਾਵੀ ਦਰਿਆ ਉੱਤੇ ਬਣੇ ਮਾਧੋਪੁਰ ਬੈਰਾਜ ’ਚ ਵੱਡਾ ਹਾਦਸਾ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਰਿਆ ਦੇ ਪਾਣੀ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਲਈ ਬਣਾਏ ਗਏ ਬੈਰਾਜ ਹੈੱਡ ਬੰਨ੍ਹ ਦੇ ਦੋ ਗੇਟ ਪਾਣੀ ਦੇ ਭਿਆਨਕ ਵਹਾਅ ਕਾਰਨ ਟੁੱਟ ਕੇ ਰੁੜ੍ਹ ਗਏ। ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਜਦੋਂ ਸਿੰਚਾਈ ਵਿਭਾਗ ਦੇ ਕਈ ਅਧਿਕਾਰੀ ਤੇ ਕਰਮਚਾਰੀ ਗੇਟਾਂ ਦੀ ਜਾਂਚ ਕਰ ਰਹੇ ਸਨ।
ਭਾਰੀ ਵਹਾਅ ਕਾਰਨ 63 ਕਰਮਚਾਰੀ ਤੇ ਅਧਿਕਾਰੀ ਮੌਕੇ ’ਤੇ ਹੀ ਫਸ ਗਏ। ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਸੀ। ਇਨ੍ਹਾਂ ’ਚੋਂ ਵਿਭਾਗ ਦਾ ਇਕ ਕਰਮਚਾਰੀ ਵਿਨੋਦ ਕੁਮਾਰ (53), ਪਾਣੀ ਦੇ ਵਆਹ ’ਚ ਰੁੜ੍ਹ ਕੇ ਲਾਪਤਾ ਹੋ ਗਿਆ। ਉਸ ਦੀ ਭਾਲ ਲਈ ਰੈਸਕਿਊ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ ਹੈ।
ਜ਼ਿਲਾ ਪ੍ਰਸ਼ਾਸਨ ਤੇ ਡਿਜ਼ਾਸਟਰ ਮੈਨੇਜਮੈਂਟ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ ਨੂੰ ਸੂਚਿਤ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ‘ਚਿਨੂਕ’ ਹੈਲੀਕਾਪਟਰ ਨੂੰ ਮੌਕੇ ’ਤੇ ਭੇਜਿਆ ਗਿਆ। ਇਹ ਹੈਲੀਕਾਪਟਰ ਰਾਹੀਂ ਫਸੇ ਹੋਏ 63 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਰਾਹਤ ਕਾਰਜ ’ਚ ਐੱਨ. ਡੀ. ਆਰ. ਐੱਫ., ਪੁਲਸ, ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੀਆਂ ਟੀਮਾਂ ਨੇ ਵੀ ਜ਼ੋਰਦਾਰ ਭੂਮਿਕਾ ਨਿਭਾਈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਰੇ ਲੋਕ ਸੁਰੱਖਿਅਤ ਬਚਾ ਲਏ ਗਏ, ਜਿਸ ਨਾਲ ਇਕ ਵੱਡੀ ਤਬਾਹੀ ਟਲ ਗਈ।
ਇਸ ਹਾਦਸੇ ਦੇ ਬਾਅਦ ਸਿੰਚਾਈ ਵਿਭਾਗ ’ਚ ਹੜਕੰਪ ਮਚ ਗਿਆ ਹੈ। ਮਾਹਿਰਾਂ ਮੁਤਾਬਕ ਭਾਰੀ ਮੀਂਹ ਕਾਰਨ ਰਾਵੀ ਦਰਿਆ ਦਾ ਪਾਣੀ ਪੱਧਰ ਅਚਾਨਕ ਵਧ ਗਿਆ ਸੀ, ਜਿਸ ਕਾਰਨ ਪੁਰਾਣੇ ਗੇਟ ਵੱਧ ਦਬਾਅ ਨਹੀਂ ਝੱਲ ਸਕੇ ਅਤੇ ਟੁੱਟ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਿਤੀ ’ਤੇ ਹੁਣ ਕੰਟਰੂਲ ਪਾ ਲਿਆ ਗਿਆ ਹੈ। ਅਗਲੇ ਦਿਨਾਂ ’ਚ ਬੈਰੇਜ ਦੀ ਤਕਨੀਕੀ ਜਾਂਚ ਕਰਵਾਈ ਜਾਵੇਗੀ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੈਰਾਜ ਜਾਂ ਦਰਿਆ ਦੇ ਨੇੜੇ ਨਾ ਜਾਣ। ਇਸ ਹਾਦਸੇ ਨੇ ਇਕ ਵਾਰ ਫਿਰ ਦਰਸਾਇਆ ਹੈ ਕਿ ਜਲ ਪ੍ਰਬੰਧਨ ਤੇ ਸਿੰਚਾਈ ਢਾਂਚਿਆਂ ਦੀ ਸਮੇਂ-ਸਮੇਂ ’ਤੇ ਜਾਂਚ ਅਤੇ ਰਿਪੇਅਰ ਕਿੰਨੀ ਜ਼ਰੂਰੀ ਹੈ।
Read More : ਗੁਰਦੁਆਰਾ ਸਾਹਿਬ ਤੱਕ ਪਹੁੰਚਿਆ ਹੜ੍ਹ ਦਾ ਪਾਣੀ