ਸੋਨਾ, ਕੈਸ਼ ਅਤੇ ਜਾਇਦਾਦਾਂ ਦਾ ਵੇਰਵਾ ਮਿਲਿਆ
ਡਾਇਰੀ ’ਚ ਮਿਲੇ 25 ਅਫਸਰਾਂ ਅਤੇ ਨੇਤਾਵਾਂ ਦੀ ਸੂਚੀ ਬਣਾਈ
ਚੰਡੀਗੜ੍ਹ, 9 ਅਕਤੂਬਰ : ਰੋਪੜ ਰੇਂਜ ਦੇ ਮੁਅੱਤਲ ਡੀ.ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰੁਪਏ ਰਿਸ਼ਵਤ ਦਿਵਾਉਣ ਵਾਲੇ ਵਿਚੋਲੇ ਕ੍ਰਿਸ਼ਨੂ ਦੀ ਡਾਇਰੀ ਤੋਂ ਮਿਲੇ ਬੈਂਕ ਖਾਤੇ ਦੀ ਡਿਟੇਲ ਸੀ.ਬੀ.ਆਈ. ਨੇ ਹਾਸਲ ਕਰ ਲਈ ਹੈ। ਸੀ.ਬੀ.ਆਈ. ਟੀਮ ਮਾਮਲੇ ’ਚ ਮੁਲਜ਼ਮ ਕ੍ਰਿਸ਼ਨੂ ਨੂੰ ਲੈ ਕੇ ਨਾਭਾ ਪਹੁੰਚੀ। ਉੱਥੇ ਸੀ.ਬੀ.ਆਈ. ਨੇ ਕ੍ਰਿਸ਼ਨੂ ਦੀ ਡਾਇਰੀ ਤੋਂ ਮਿਲੇ ਬੈਂਕ ਖਾਤੇ ਅਤੇ ਜਮ੍ਹਾ ਕਰਵਾਏ ਗਏ ਪੈਸਿਆਂ ਦੀ ਸਲਿੱਪ ’ਤੇ ਲਿਖੇ ਬੈਂਕ ਖਾਤਿਆਂ ਦੀ ਡਿਟੇਲ ਵੱਖ-ਵੱਖ ਬੈਂਕਾਂ ਤੋਂ ਹਾਸਲ ਕੀਤੀ।
ਸੀ. ਬੀ. ਆਈ. ਇਸ ਦੌਰਾਨ ਕ੍ਰਿਸ਼ਨੂ ਨੂੰ 5 ਬੈਂਕਾਂ ’ਚ ਲੈ ਕੇ ਗਈ ਸੀ। ਸੀ. ਬੀ. ਆਈ. ਨੂੰ ਜਾਂਚ ਦੌਰਾਨ ਕਈ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਪਤਾ ਲੱਗਾ ਕਿ ਉਸ ਨੇ ਕਾਫ਼ੀ ਮਾਤਰਾ ’ਚ ਗੋਲਡ ਜਿਊਲਰੀ ਇਕੱਠੀ ਕੀਤੀ ਹੋਈ ਹੈ।
ਇਸ ਤੋਂ ਇਲਾਵਾ ਉਸ ਦੇ ਤੇ ਉਸਦੀ ਪਤਨੀ ਹਨੀ ਸ਼ਾਰਦਾ ਦੇ ਨਾਂ ’ਤੇ ਨਕਦੀ ਤੇ ਹੋਰ ਜਾਇਦਾਦਾਂ ਦਾ ਵੀ ਪਤਾ ਲੱਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਸਭ ਭ੍ਰਿਸ਼ਟਾਚਾਰ ਰਾਹੀਂ ਪ੍ਰਾਪਤ ਕੀਤਾ ਗਿਆ ਹੈ।
ਕ੍ਰਿਸ਼ਨੂ ਜਿਹੜੇ-ਜਿਹੜੇ ਅਧਿਕਾਰੀਆਂ ਦੀ ਦਲਾਲੀ ਕਰਦਾ ਸੀ, ਉਨ੍ਹਾਂ ਦੀ ਸੂਚੀ ਵੀ ਬਣਾ ਲਈ ਗਈ ਹੈ। ਸੀ. ਬੀ. ਆਈ. ਦੀ ਮੰਨੀਏ ਤਾਂ ਲੱਗਭਗ 20 ਤੋਂ 25 ਅਧਿਕਾਰੀ ਅਤੇ ਸਿਆਸਤਦਾਨ ਕ੍ਰਿਸ਼ਨੂ ਦੇ ਸੰਪਰਕ ’ਚ ਸਨ। ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ’ਚ ਦਾਇਰ ਇਕ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਦੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨਾਲ ਲਿੰਕ ਸਾਹਮਣੇ ਆਏ ਹਨ। ਸੀ.ਬੀ.ਆਈ. ਨੇ ਇਹ ਵੀ ਖੁਲਾਸਾ ਕੀਤਾ ਕਿ ਕ੍ਰਿਸ਼ਨੂ ਪੰਜਾਬ ’ਚ ਫਿਕਸਰ ਨੈੱਟਵਰਕ ਚਲਾ ਰਿਹਾ ਸੀ, ਜਿਸ ਰਾਹੀਂ ਉਹ ਤਬਾਦਲਿਆਂ ਅਤੇ ਪੋਸਟਿੰਗ ਤੋਂ ਲੈ ਕੇ ਕੇਸ ਦਰਜ-ਖਾਰਿਜ ਕਰਾਉਣ ਤੱਕ ਦੀ ਖੇਡ ’ਚ ਸ਼ਾਮਲ ਸੀ।
ਫਿਲਹਾਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ 5 ਦਿਨ ਤੇ ਕ੍ਰਿਸ਼ਨੂ 4 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ ਹੈ। ਇਸ ਸਮੇਂ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੇ ਨਾਲ ਹੀ ਹੋਰ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
ਕ੍ਰਿਸ਼ਨੂ ਦੇ ਮੋਬਾਈਲ ਤੋਂ ਮਿਲੇ ਅਧਿਕਾਰੀਆਂ ਦੇ ਲਿੰਕ
ਸੀ. ਬੀ. ਆਈ. ਦੀ ਪ੍ਰਗਤੀ ਰਿਪੋਰਟ ਮੁਤਾਬਕ ਜਾਂਚ ਦੌਰਾਨ ਕ੍ਰਿਸ਼ਨੂ ਦੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਡਿਵਾਸਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਭ੍ਰਿਸ਼ਟ ਡੀਲਿੰਗ ’ਚ ਸ਼ਾਮਲ ਸੀ। ਸੀ.ਬੀ.ਆਈ. ਨੇ ਡੇਟਾ ਦੇ ਆਧਾਰ ’ਤੇ ਦੱਸਿਆ ਕਿ ਕ੍ਰਿਸ਼ਨੂ ਅਧਿਕਾਰੀਆਂ ਨਾਲ ਮਿਲ ਕੇ ਨਾ ਸਿਰਫ਼ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਸੀ, ਸਗੋਂ ਟਰਾਂਸਫਰ-ਪੋਸਟਿੰਗ, ਆਰਮਜ਼ ਲਾਇਸੈਂਸ ਬਣਵਾਉਣ ਤੋਂ ਲੈ ਕੇ ਫਿਰ ਦਰਜ ਕਰਵਾਉਣ ਜਾਂ ਪਹਿਲਾਂ ਤੋਂ ਦਰਜ ਫਿਰ ਬਰਖਾਸਤ ਕਰਵਾਉਣ ਤੱਕ ਦਾ ਕੰਮ ਕਰਦਾ ਸੀ।
ਭੁੱਲਰ ਨੂੰ ਮਿਲਣ ਸੀ. ਬੀ. ਆਈ. ਦਫ਼ਤਰ ਪੁੱਜੇ ਪਰਿਵਾਰਕ ਮੈਂਬਰ
ਸੀ.ਬੀ.ਆਈ. ਰਿਮਾਂਡ ’ਤੇ ਚੱਲ ਰਹੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਮਿਲਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੀ.ਬੀ.ਆਈ. ਦਫ਼ਤਰ ਗਏ। ਇਸ ਤੋਂ ਇਲਾਵਾ ਹਰ ਰੋਜ਼ 4 ਤੋਂ 5 ਵਜੇ ਦੇ ਵਿਚਕਾਰ ਉਨ੍ਹਾਂ ਦੇ ਵਕੀਲ ਮੁਲਾਕਾਤ ਕਰ ਰਹੇ ਹਨ, ਜਦੋਂਕਿ ਵਿਚੋਲੇ ਕ੍ਰਿਸ਼ਨੂ ਨੂੰ ਸੀ.ਬੀ.ਆਈ. ਦਫ਼ਤਰ ਵਿਚ ਕੋਈ ਵੀ ਮਿਲਣ ਲਈ ਨਹੀਂ ਪਹੁੰਚਿਆ। ਕ੍ਰਿਸ਼ਨੂ ਤੋਂ ਸਾਰਿਆਂ ਨੇ ਦੂਰੀ ਬਣਾਈ ਹੋਈ ਹੈ।
Read More : ਮੋਦੀ ਨੇ ਵਾਰਾਣਸੀ ’ਚ 4 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵਿਖਾਈ ਹਰੀ ਝੰਡੀ
