ਅੰਮ੍ਰਿਤਸਰ, 4 ਜਨਵਰੀ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਪੇਸ਼ ਕੀਤੇ ਜਾ ਰਹੇ ਗਲਤ ਤੱਥਾਂ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਲਤੇਜ ਪੰਨੂੰ ਵੱਲੋਂ ਹਰ ਸਾਲ ਇਜਲਾਸ ਡੀ. ਸੀ. ਦੀ ਪ੍ਰਵਾਨਗੀ ਨਾਲ ਹੋਣ ਦੀ ਕੀਤੀ ਗਈ ਗੱਲ ਠੀਕ ਤੱਥ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਤੋਂ ਬਾਅਦ ਪਹਿਲੇ ਇਜਲਾਸ ਦੌਰਾਨ ਕੇਵਲ ਪ੍ਰਧਾਨਗੀ ਅਹੁਦੇ ਲਈ ਚੋਣ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਹੁੰਦੀ ਹੈ, ਜਿਸ ਮਗਰੋਂ ਇਜਲਾਸ ਦੀ ਅਗਵਾਈ ਚੁਣੇ ਗਏ ਪ੍ਰਧਾਨ ਵਲੋਂ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜਨਰਲ ਚੋਣਾਂ ਮਗਰੋਂ ਪਹਿਲੇ ਇਜਲਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹਰ ਸਾਲ ਹੋਣ ਵਾਲੇ ਜਨਰਲ ਇਜਲਾਸ ਦੀ ਅਗਵਾਈ ਐਕਟ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਰਦਾ ਹੈ, ਜਿਸ ਵਿਚ ਡਿਪਟੀ ਕਮਿਸ਼ਨਰ ਦੀ ਕਿਸੇ ਤਰ੍ਹਾਂ ਦੀ ਹਾਜ਼ਰੀ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਬਲਤੇਜ ਪੰਨੂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ ਇਸ ਮਦ ਨੂੰ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਸੰਗਤਾਂ ਵਿਚ ਭਰਮ ਪੈਦਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਲਤੇਜ ਪੰਨੂ ਨੇ ਅਜਿਹੇ ਤਕਨੀਕੀ ਮਾਮਲਿਆਂ ’ਤੇ ਗੱਲ ਕਰਨੀ ਹੈ ਤਾਂ ਉਸ ਨੂੰ ਸਿੱਖ ਗੁਰਦੁਆਰਾ ਐਕਟ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਅਸਤੀਫੇ ਦੀ ਪ੍ਰਵਾਨਗੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਜੋੜ ਕੇ ਦੱਸਣਾ ਵੀ ਤੱਥਹੀਣ ਹੈ।
Read More : ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੇ ਮੰਗੀ ਪੱਕੀ ਜ਼ਮਾਨਤ, ਸੀ.ਬੀ.ਆਈ. ਨੂੰ ਨੋਟਿਸ
