ਗੁਰੂਗ੍ਰਾਮ ਵਿਚ ਇਕ ਆਲੀਸ਼ਾਨ ਘਰ ਅਤੇ ਇਕ ਫਲੈਟ ਹੁਣ ਵਿਕਾਸ ਕੋਹਲੀ ਸੰਭਾਣਗੇ।
ਗੁਰੂਗ੍ਰਾਮ,16 ਅਕਤੂਬਰ : ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਗੁਰੂਗ੍ਰਾਮ ਜਾਇਦਾਦ ਦੀ ਪਾਵਰ ਆਫ਼ ਅਟਾਰਨੀ ਆਪਣੇ ਭਰਾ ਵਿਕਾਸ ਕੋਹਲੀ ਦੇ ਨਾਂ ਕਰ ਦਿੱਤੀ। ਇਸ ਦੇ ਲਈ ਉਹ ਮੰਗਲਵਾਰ ਨੂੰ ਗੁਰੂਗ੍ਰਾਮ ਦੀ ਵਜ਼ੀਰਾਬਾਦ ਤਹਿਸੀਲ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਕਾਸ ਦੇ ਨਾਮ ‘ਤੇ ਜਾਇਦਾਦ ਨਾਲ ਸਬੰਧਤ ਜਨਰਲ ਪਾਵਰ ਆਫ਼ ਅਟਾਰਨੀ ਰਜਿਸਟਰ ਕਰਵਾਈ।
ਇਸ ਦੌਰਾਨ ਵਿਰਾਟ ਕੋਹਲੀ ਨੇ ਤਹਿਸੀਲ ਦਫ਼ਤਰ ਵਿਚ ਮੌਜੂਦ ਕਰਮਚਾਰੀਆਂ ਨਾਲ ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਦੇ ਕਹਿਣ ‘ਤੇ ਆਟੋਗ੍ਰਾਫ ਵੀ ਦਿੱਤੇ। ਇਸ ਤੋਂ ਬਾਅਦ ਉਹ ਆਪਣੇ ਆਸਟ੍ਰੇਲੀਆ ਦੌਰੇ ਲਈ ਸਿੱਧਾ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਏ। ਵਿਰਾਟ ਕੋਹਲੀ ਲੰਡਨ ਵਿਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ, ਜਿਸ ਵਿਚ ਉਸ ਦੀ ਪਤਨੀ, ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ। ਉਹ ਭਾਰਤ ਵਿਚ ਬਹੁਤ ਘੱਟ ਸਮਾਂ ਬਿਤਾਉਂਦੇ ਹਨ।
ਇਸ ਕਾਰਨ ਕੋਹਲੀ ਨੇ ਗੁਰੂਗ੍ਰਾਮ ਵਿਚ ਆਪਣੀ ਜਾਇਦਾਦ ਨਾਲ ਸਬੰਧਤ ਕਾਨੂੰਨੀ ਜ਼ਿੰਮੇਵਾਰੀਆਂ ਆਪਣੇ ਭਰਾ ਵਿਕਾਸ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਕਈ ਰਿਪੋਰਟਾਂ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਕੋਹਲੀ ਸਥਾਈ ਤੌਰ ‘ਤੇ ਲੰਡਨ ਸ਼ਿਫ਼ਟ ਹੋ ਰਹੇ ਹਨ। ਹਾਲਾਂਕਿ, ਇਸ ਕ੍ਰਿਕਟਰ ਨੇ ਕਦੇ ਵੀ ਅਧਿਕਾਰਤ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਵਿਰਾਟ ਕੋਹਲੀ ਦਾ ਗੁਰੂਗ੍ਰਾਮ ਦੇ ਡੀਐਲਐਫ ਸਿਟੀ ਫੇਜ਼ 1 ਦੇ ਬਲਾਕ ਸੀ ਵਿਚ ਇੱਕ ਆਲੀਸ਼ਾਨ ਘਰ ਹੈ। ਉਸ ਨੇ ਇਸ ਨੂੰ 2021 ਵਿਚ ਖਰੀਦਿਆ ਸੀ। ਉਸ ਦਾ ਗੁਰੂਗ੍ਰਾਮ ਵਿੱਚ ਇੱਕ ਫਲੈਟ ਵੀ ਹੈ। ਦੋਵੇਂ ਜਾਇਦਾਦਾਂ ਨੂੰ ਹੁਣ ਉਸ ਦੇ ਭਰਾ ਵਿਕਾਸ ਸੰਭਾਣਗੇ।
Read More : ਦੇਸ਼ ’ਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ : ਈਟੀਓ
