ਚੰਡੀਗੜ੍ਹ,19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਤੇ ਖ਼ਾਲਸਾ ਪੰਥ ਨੂੰ ਪੂਰੀ ਤਰ੍ਹਾਂ ਆਗੂ ਵਿਹੂਣਾ ਕਰਨ ਦੀ ਡੂੰਘੀ ਸਾਜ਼ਿਸ਼ ਨੂੰ ਪਛਾਣਨ ਤੇ ਮਾਤ ਪਾਉਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਤੇ ਧਰਮ ਨਿਰਪੱਖਤਾ, ਮਨੁੱਖੀ ਅਧਿਕਾਰਾਂ ਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਦੀ ਜ਼ਰੂਰਤ ਹੈ, ਜਿਸ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਵਉੱਚ ਬਲੀਦਾਨ ਦਿੱਤਾ ਅਤੇ ਇਹ ਦੁਨੀਆ ’ਚ ਇਕਲੌਤੀ ਅਜਿਹੀ ਉਦਾਹਰਣ ਹੈ, ਜਦੋਂ ਕਿਸੇ ਨੇ ਆਪਣੇ ਨਹੀਂ ਸਗੋਂ ਦੂਜੇ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ ਹੋਵੇ।
ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਘਟੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਦੇਸ਼ ’ਚ ਤਾਕਤਵਰ ਅਨਸਰ ਸਿੱਖਾਂ ਦੀਆਂ ਤਿੰਨ ਸਿਰਮੌਰ ਧਾਰਮਿਕ ਤੇ ਸਿਆਸੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ’ਤੇ ਕਬਜ਼ੇ ਲਈ ਸਦੀਆਂ ਪੁਰਾਣੀ ਰਣਨੀਤੀ ਅਪਣਾ ਰਹੇ ਹਨ ਅਤੇ ਕੌਮ ਦੇ ਗੱਦਾਰਾਂ ਨੂੰ ਆਪਣੇ ਵੱਲ ਖਿੱਚਣ ਤੇ ਅਕਾਲੀ ਦਲ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ।
ਇਨ੍ਹਾਂ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਨ੍ਹਾਂ ਦੀਆਂ ਕਠਪੁਤਲੀਆਂ ਦਾ ਮਕਸਦ ਸਿੱਖਾਂ ਤੋਂ ਲੋਕਤੰਤਰੀ ਢੰਗ ਨਾਲ ਚੁਣੇ ਉਨ੍ਹਾਂ ਦੇ ਧਾਰਮਿਕ ਨੁਮਾਇੰਦਿਆਂ ਨੂੰ ਦਰਕਿਨਾਰ ਕਰ ਕੇ ਉਨ੍ਹਾਂ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਖੋਹਣਾ ਹੈ।
ਇਹ ਸਿੱਖ ਵਿਰੋਧੀ ਸਾਜ਼ਿਸ਼ਾਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਸਾਡੇ ਤਖ਼ਤ ਸਾਹਿਬਾਨ ਸਮੇਤ ਗੁਰਧਾਮਾਂ ਦਾ ਪ੍ਰਬੰਧ ਖੋਹਣ ’ਚ ਕਾਮਯਾਬ ਹੋ ਗਈਆਂ ਹਨ। ਹੁਣ ਇਹ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖੋਹਣਾ ਚਾਹੁੰਦੇ ਹਨ।
Read More : ਤਰਨਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ