Punjab-Police

ਪੰਜਾਬ ‘ਚ ‘ਗੈਂਗਸਟਰਾਂ ‘ਤੇ ਵਾਰ’: 3 ਮਹੀਨਿਆਂ ‘ਚ 22,605 ਅਪਰਾਧੀਆਂ ਦੀ ਗ੍ਰਿਫ਼ਤਾਰੀ

ਹਥਿਆਰ, ਨਸ਼ੇ ਅਤੇ ਡਰੋਨ ਬਰਾਮਦ

ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ‘ਤੇ ਵਾਰ’ ਦੇ ਤਿੰਨ ਮਹੀਨੇ ਪੂਰੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਗਰਾਨੀ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਚੱਲ ਰਹੀ ਇਸ ਮੁਹਿੰਮ ਦਾ ਉਦੇਸ਼ ਗੈਂਗਸਟਰਾਂ ਦੇ ਲਾਜਿਸਟਿਕ, ਫੰਡਿੰਗ ਅਤੇ ਸੰਚਾਰ ਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੈ।

ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ 20 ਜਨਵਰੀ ਤੋਂ 19 ਅਪ੍ਰੈਲ ਤੱਕ ਦੀ ਕਾਰਵਾਈ ਦੌਰਾਨ ਪੁਲਿਸ ਨੇ ਸੂਬੇ ਭਰ ਵਿੱਚ 62,302 ਛਾਪੇਮਾਰੀ ਕੀਤੀ ਹੈ। ਇਨ੍ਹਾਂ ਛਾਪਿਆਂ ਦੌਰਾਨ 915 ਭਗੌੜੇ ਅਪਰਾਧੀਆਂ ਨੂੰ ਫੜਿਆ ਗਿਆ ਹੈ। ਕੁੱਲ ਮਿਲਾ ਕੇ ਇਸ ਸਮੇਂ ਦੌਰਾਨ 22,605 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 461 ਗੈਂਗਸਟਰਾਂ ਦੇ ਸਾਥੀ ਅਤੇ 22,144 ਲੋੜੀਂਦੇ ਮੁਲਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ 10,254 ਮੁਲਜ਼ਮਾਂ ਨੂੰ ਨਿਵਾਰਕ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਕੁੱਲ 49,298 ਮੁਲਜ਼ਮਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪੁਲਿਸ ਵੱਲੋਂ ਇਸ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਬਰਾਮਦਗੀ ਵਿੱਚ 408 ਹਥਿਆਰ, 148 ਤੇਜ਼ਧਾਰ ਹਥਿਆਰ, 1197 ਕਾਰਤੂਸ, 122 ਮੈਗਜ਼ੀਨ, 2.5 ਕਿਲੋ ਵਿਸਫੋਟਕ ਅਤੇ 6 ਹੈਂਡ ਗ੍ਰੇਨੇਡ ਸ਼ਾਮਲ ਹਨ। ਨਸ਼ਿਆਂ ਖਿਲਾਫ ਵੱਡੀ ਸਫਲਤਾ ਹਾਸਿਲ ਕਰਦਿਆਂ ਪੁਲਿਸ ਨੇ 378.45 ਕਿਲੋ ਹੈਰੋਇਨ, 301.947 ਕਿਲੋ ਅਫੀਮ, 2,838.77 ਕਿਲੋ ਭੁੱਕੀ, 12,37,318 ਨਸ਼ੀਲੀਆਂ ਗੋਲੀਆਂ, 101.459 ਕਿਲੋ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।

ਇਸ ਦੇ ਨਾਲ ਹੀ 1,05,31,171 ਰੁਪਏ ਦੀ ਡਰੱਗ ਮਨੀ, 50,66,740 ਰੁਪਏ ਨਕਦ ਅਤੇ 273 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਗੈਂਗਸਟਰਾਂ ਦਾ ਲਾਜਿਸਟਿਕ ਨੈੱਟਵਰਕ ਤੋੜਨ ਲਈ 4,229 ਮੋਬਾਈਲ ਫੋਨ, 815 ਵਾਹਨ ਅਤੇ 31 ਡਰੋਨ ਵੀ ਪੁਲਿਸ ਦੇ ਹੱਥ ਲੱਗੇ ਹਨ।

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਦਾ ਕਹਿਣਾ ਹੈ ਕਿ ਇਹ ਅਭਿਆਨ ਸਿਰਫ ਗੈਂਗ ਜਾਂ ਉਨ੍ਹਾਂ ਦੇ ਨੈੱਟਵਰਕ ਦੀ ਪਛਾਣ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਨੂੰ ਜੜ੍ਹ ਤੋਂ ਖਤਮ ਕਰਨਾ ਮੁੱਖ ਉਦੇਸ਼ ਹੈ। ਇਸ ਮੁਹਿੰਮ ਵਿੱਚ ਅਪਰਾਧੀਆਂ ਦੀ ਟ੍ਰੈਕਿੰਗ ਅਤੇ ਨਿਗਰਾਨੀ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਸਮੇਤ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਦੇਣ ਲਈ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਸੰਪਰਕ ਕਰਨ।

Read More : ਸੀਟੀ ਯੂਨੀਵਰਸਿਟੀ ਵਿਚ ਵਿਸ਼ਵ ਲਿਵਰ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ

Leave a Reply

Your email address will not be published. Required fields are marked *