ਸਾਥੀ ਨੇ ਪੁਲਸ ’ਤੇ ਚਲਾਈਆਂ ਗੋਲੀਆਂ, ਹੈੱਡ ਕਾਂਸਟੇਬਲ ਵੀ ਜ਼ਖਮੀ, ਜਵਾਬੀ ਕਾਰਵਾਈ ’ਚ ਬਾਦਲ ਨੂੰ ਲੱਗੀ ਗੋਲੀ
ਫਿਰੋਜ਼ਪੁਰ, 27 ਨਵੰਬਰ : 15 ਨਵੰਬਰ ਦੀ ਸ਼ਾਮ ਨੂੰ ਫਿਰੋਜ਼ਪੁਰ ਸ਼ਹਿਰ ’ਚ 2 ਹਮਲਾਵਰਾਂ ਨੇ ਸੀਨੀਅਰ ਆਰ. ਐੱਸ. ਐੱਸ. ਵਰਕਰ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਮਾਮਲੇ ’ਚ ਗੁਪਤ ਸੂਚਨਾ ਅਤੇ ਟੈਕਨੀਕਲ ਸੋਰਸਿਜ਼ ਦੇ ਆਧਾਰ ’ਤੇ 26 ਨਵੰਬਰ ਦੀ ਸ਼ਾਮ ਨੂੰ ਫਿਰੋਜ਼ਪੁਰ ਪੁਲਸ ਨੇ ਮੁੱਖ ਸ਼ੂਟਰ ਬਾਦਲ ਵਾਸੀ ਬਸਤੀ ਭੱਟੀਆਂ ਵਾਲੀ, ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ 2 ਸਾਥੀ ਰਾਜੂ ਅਤੇ ਸੋਨੂੰ ਨੇ ਉਸ ਨੂੰ ਰਾਜਸਥਾਨ ਲੈ ਕੇ ਜਾਣਾ ਸੀ ਅਤੇ ਉਨ੍ਹਾਂ ਨੇ ਪਿੰਡ ਮਾਮੂ ਜੋਈਆ (ਜ਼ਿਲਾ ਫਾਜ਼ਿਲਕਾ) ’ਚ ਹਥਿਆਰ ਲੁਕੋ ਕੇ ਰੱਖੇ ਹੋਏ ਹਨ।
ਅੱਜ ਸਵੇਰੇ ਕਰੀਬ 5 ਵਜੇ ਜਦੋਂ ਫਿਰੋਜ਼ਪੁਰ ਪੁਲਸ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ, ਡੀ. ਐੱਸ. ਪੀ. ਡਿਟੈਕਟਿਵ ਫਿਰੋਜ਼ਪੁਰ ਬਰਜਿੰਦਰ ਸਿੰਘ ਅਤੇ ਫਿਰੋਜ਼ਪੁਰ ’ਚ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਸ਼ੂਟਰ ਬਾਦਲ ਨੂੰ ਨਾਲ ਲੈ ਕੇ ਪਿੰਡ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਸ਼ਮਸ਼ਾਨਘਾਟ ’ਚ ਗਈ ਤਾਂ ਸ਼ਮਸ਼ਾਨਘਾਟ ’ਚ ਲੁਕੇ ਉਸ ਦੇ ਸਾਥੀ ਸ਼ੂਟਰਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਬਲੌਰ ਸਿੰਘ ਦੀ ਬਾਂਹ ’ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਦੋਂਕਿ ਇਕ ਹੋਰ ਪੁਲਸ ਕਰਮਚਾਰੀ ਦੀ ਬੁਲੇਟ ਪਰੂਫ ਜੈਕੇਟ ’ਚ ਗੋਲੀ ਲੱਗੀ ਪਰ ਉਹ ਵਾਲ-ਵਾਲ ਬਚ ਗਿਆ।
ਜਵਾਬੀ ਕਾਰਵਾਈ ’ਚ ਮੁੱਖ ਸ਼ੂਟਰ ਬਾਦਲ ਜ਼ਖਮੀ ਹੋ ਗਿਆ। ਪੁਲਸ ਨੇ ਤੁਰੰਤ ਹੈੱਡ ਕਾਂਸਟੇਬਲ ਬਲੌਰ ਸਿੰਘ ਅਤੇ ਸ਼ੂਟਰ ਬਾਦਲ ਨੂੰ ਫਾਜ਼ਿਲਕਾ ਸਿਵਲ ਹਸਪਤਾਲ ’ਚ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਸ਼ੂਟਰ ਬਾਦਲ ਦੀ ਮੌਤ ਹੋ ਗਈ। ਜ਼ਖਮੀ ਹੈੱਡ ਕਾਂਸਟੇਬਲ ਬਲੌਰ ਸਿੰਘ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।
ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਫਿਰੋਜ਼ਪੁਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ ਤੋਂ 2 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ, ਜੋ ਧੁੰਦ ਦਾ ਫਾਇਦਾ ਉਠਾਉਂਦਿਆਂ ਫਰਾਰ ਹੋਏ ਉਸ ਦੇ ਸਾਥੀਆਂ ਦੇ ਹਨ।
Read More : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਰਿਲੀਜ਼
