Darya Parle

ਕਾਰ ਸੇਵਾ ਵਾਲੇ ਬਾਬਿਆਂ ਨੇ ਚੁੱਕੀ ਦਰਿਆ ਪਾਰਲੇ 7 ਪਿੰਡਾਂ ਦੇ ਲੋਕਾਂ ਦੀ ਵੱਡੀ ਸੇਵਾ

ਟਰੈਕਟਰ ਲਗਾ ਕੇ ਰਾਵੀ ਵਿਚ ਚਲਾਇਆ ਵੱਡਾ ਬੇੜਾ, ਫੌਜੀਆਂ ਦੀਆਂ ਗੱਡੀਆਂ ਤੱਕ ਕਰਵਾ ਰਹੇ ਦਰਿਆ ਦੇ ਪਾਰ

ਗੁਰਦਾਸਪੁਰ, 25 ਸਤੰਬਰ : ਜ਼ਿਲਾ ਗੁਰਦਾਸਪੁਰ ਅੰਦਰ ਰਾਵੀ ਅਤੇ ਉੱਚ ਦਰਿਆ ਦੇ ਮੇਲ ਵਾਲੇ ਮਕੌੜਾ ਪੱਤਣ ’ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕਾਰ ਸੇਵਾ ਵਾਲੇ ਬਾਬਿਆਂ ਨੇ ਵੱਡਾ ਉਪਰਾਲਾ ਕੀਤਾ ਹੈ, ਜਿਸ ਤਹਿਤ ਇਸ ਪੱਤਣ ਦੇ ਪਾਰਲੇ ਪਾਸੇ ਰਹਿੰਦੇ ਸੱਤ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਾਬਿਆਂ ਨੇ ਇਕ ਵਿਸ਼ਾਲ ਬੇੜਾ ਚਲਾਇਆ ਹੈ।

ਇਸ ਵਿਚ ਨਾ ਸਿਰਫ ਹੁਣ ਇਨ੍ਹਾਂ ਪਿੰਡਾਂ ਦੇ ਲੋਕ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਆ ਜਾ ਰਹੀਆਂ ਹਨ, ਸਗੋਂ ਫੌਜ ਦੇ ਕਈ ਵਾਹਨ ਅਤੇ ਹੋਰ ਸਮੱਗਰੀ ਵੀ ਇਸੇ ਬੇੜੇ ਰਾਹੀਂ ਆਰ ਪਾਰ ਕਰਵਾਈ ਜਾ ਰਹੀ ਹੈ। ਇਸ ਬੇੜੇ ਦੀ ਪੂਰੇ ਇਲਾਕੇ ਅੰਦਰ ਕਾਫੀ ਚਰਚਾ ਹੈ, ਜਿਸ ਨੂੰ ਦੇਖਣ ਲਈ ਕਈ ਲੋਕ ਇਸ ਸਥਾਨ ’ਤੇ ਪਹੁੰਚ ਰਹੇ ਹਨ।

ਦੱਸਣ ਯੋਗ ਹੈ ਕਿ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ ਜੋ ਸੱਤ ਪਿੰਡ ਟਾਪੂ ਬਣ ਕੇ ਰਹਿ ਗਏ ਸਨ, ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੁਣ ਸਮਾਜ ਸੇਵੀਆਂ ਵੱਲੋਂ ਰਾਹਤ ਸਮੱਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਦੇ ਘਰਾਂ ਦਾ ਫਰਨੀਚਰ, ਬੈੱਡ, ਬਿਸਤਰੇ, ਕੱਪੜੇ, ਘਰ ਅਤੇ ਪਸ਼ੂਆਂ ਦਾ ਚਾਰਾ ਸਭ ਕੁਝ ਤਬਾਹ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸਮਾਜਸੇਵੀ ਜਥੇਬੰਦੀਆਂ ਇਨ੍ਹਾਂ ਲਈ ਵੱਖ-ਵੱਖ ਸਾਮਾਨ ਲੈ ਕੇ ਦੂਰੋਂ-ਦੂਰੋਂ ਪਹੁੰਚ ਰਹੀਆਂ ਹਨ।

ਰਾਵੀ ਦਰਿਆ ਪਾਰ ਕਰ ਕੇ ਇੱਥੋਂ ਤੱਕ ਸਾਮਾਨ ਸਮੇਤ ਪਹੁੰਚਣਾ ਬਹੁਤ ਮੁਸ਼ਕਿਲ ਸੀ। ਪਾਰ ਜਾਣ ਦਾ ਇੱਕੋ ਰਸਤਾ ਸਰਕਾਰੀ ਬੇੜਾ ਸੀ, ਜਿਸ ਵਿਚ ਇਕ ਸਮੇਂ ਵਿਚ 50 ਦੇ ਕਰੀਬ ਲੋਕ ਜਾ ਸਕਦੇ ਸਨ ਪਰ 50-50 ਟਨ ਵਜਨ ਵਾਲੀ ਰਾਹਤ ਸਮੱਗਰੀ ਵਾਲੇ ਵਾਹਨ ਪਾਰ ਲੈ ਜਾਣ ਵਿਚ ਮੁਸ਼ਕਲ ਹੁੰਦੀ ਸੀ, ਜਿਸ ਤੋਂ ਬਾਅਦ ਹਜ਼ੂਰ ਸਾਹਿਬ ਵਾਲੇ ਬਾਬਿਆਂ ‌ਵੱਲੋਂ ਪਹਿਲਾਂ ਇੱਥੇ ਇਕ ਛੋਟੀ ਬੇੜੀ ਭੇਜੀ ਗਈ ਅਤੇ ਫਿਰ ਲੋਕਾਂ ਅਤੇ ਕੁਇੰਟਲਾਂ ਭਾਰ ਵਾਲਾ ਸਾਮਾਨ ਲੈ ਕੇ ਪਹੁੰਚ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੇੜਾ ਭੇਜ ਦਿੱਤਾ ਗਿਆ, ਜੋ ਖਾਸ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ।

ਬੇੜੇ ਦੇ ਅੱਗੇ ਟਰੈਕਟਰ ਲਗਾਇਆ ਗਿਆ ਹੈ ਅਤੇ ਇਹ ਬੇੜਾ ਇਕ ਸਮੇਂ ’ਚ ਸਵਾ ਸੌ ਤੋਂ ਵੱਧ ਲੋਕਾਂ ਨੂੰ ਰਾਵੀ ਦੇ ਪਾਰ ਉਤਾਰ ਸਕਦਾ ਹੈ। ਇਹੋ ਨਹੀਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਸਾਮਾਨ ਜੇ. ਸੀ. ਬੀ., ਗੱਡੀਆਂ, ਟਰੈਕਟਰ, ਟਰਾਲੀਆਂ ਤੱਕ ਇਸ ਵੇਲੇ ਰਾਹੀਂ ਦਰਿਆ ਪਾਰ ਜਾ ਰਹੀਆਂ ਹਨ।

Read More : ਮੁੱਖ ਮੰਤਰੀ ਮਾਨ ਦੀ ਅਗਵਾਈ ਵਿਚ ਕੈਬਨਿਟ ਮੀਟਿੰਗ ਵਿੱਚ ਲਏ ਕਈ ਵੱਡੇ ਫੈਸਲੇ

Leave a Reply

Your email address will not be published. Required fields are marked *