ਪਤਨੀ 16 ਸਾਲ ਛੋਟੀ
ਕੈਨਬਰਾ, 29 ਨਵੰਬਰ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਨੀਵਾਰ ਨੂੰ ਆਪਣੀ ਸਾਥੀ ਜੋਡੀ ਹੇਡਨ ਨਾਲ ਵਿਆਹ ਕਰਵਾ ਲਿਆ। 62 ਸਾਲਾ ਅਲਬਾਨੀਜ਼ ਆਸਟ੍ਰੇਲੀਆ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ’ਤੇ ਰਹਿੰਦਿਆਂ ਵਿਆਹ ਕਰਵਾਇਆ ਹੈ। ਅਲਬਾਨੀਜ਼ ਨੇ ਕੈਨਬਰਾ ਦੇ ਪ੍ਰਧਾਨ ਮੰਤਰੀ ਦਫ਼ਤਰ ਵਿਚ 46 ਸਾਲਾ ਜੋਡੀ ਹੇਡਨ ਨਾਲ ਵਿਆਹ ਕੀਤਾ।
ਹੇਡਨ ਵਿੱਤੀ ਸੇਵਾਵਾਂ ਵਿਚ ਕੰਮ ਕਰਦੀ ਹੈ। ਅਲਬਾਨੀਜ਼ ਦੀ ਫਰਵਰੀ 2024 ਵਿਚ ਹੇਡਨ ਨਾਲ ਮੰਗਣੀ ਹੋਈ ਸੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਇਕ ਸ਼ਬਦ ’ਚ ਪੋਸਟ ਕੀਤਾ : ਮੈਰਿਡ। ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿਚ ਉਹ ਟਾਈ ਪਾ ਕੇ ਆਪਣੀ ਮੁਸਕਰਾਉਂਦੀ ਹੋਈ ਦੁਲਹਨ ਦਾ ਹੱਥ ਫੜੀ ਨਜ਼ਰ ਆ ਰਹੇ ਹਨ। ਇਹ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਦੂਜਾ ਵਿਆਹ ਹੈ। ਉਨ੍ਹਾਂ ਨੇ 2019 ਵਿਚ ਆਪਣੀ ਸਾਬਕਾ ਪਤਨੀ ਕਾਰਮੇਲ ਟੇਬਟ ਨੂੰ ਤਲਾਕ ਦੇ ਦਿੱਤਾ। ਇਸ ਰਿਸ਼ਤੇ ਤੋਂ ਉਨ੍ਹਾਂ ਦਾ ਇਕ ਪੁੱਤਰ ਨਾਥਨ ਹੈ।
ਅਲਬਾਨੀਜ਼ ਅਤੇ ਹੇਡਨ 2020 ਵਿਚ ਮੈਲਬੌਰਨ ’ਚ ਇਕ ਬਿਜਨੈੱਸ ਡਿਨਰ ਦੌਰਾਨ ਮਿਲੇ ਸਨ। ਇਹ ਹੇਡਨ ਦਾ ਦੂਜਾ ਵਿਆਹ ਹੈ, ਹਾਲਾਂਕਿ ਉਸ ਦੇ ਪਿਛਲੇ ਵਿਆਹ ਅਤੇ ਤਲਾਕ ਦੇ ਵੇਰਵੇ ਜਨਤਕ ਨਹੀਂ ਹਨ।
Read More : ਝੂਠ ਬੋਲਣ ਵਾਲੀ ‘ਆਪ’ ਤੋਂ ਕੋਈ ਵਾਅਦਾ ਨਹੀਂ ਹੋਇਆ ਪੂਰਾ : ਸੁਖਬੀਰ ਬਾਦਲ
