ਮਹਿਲਾ ਵਨਡੇ ਮੈਚਾਂ ’ਚ ਭਾਰਤ ਨੂੰ 43 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ, 20 ਸਤੰਬਰ : ਮਹਿਲਾ ਵਨਡੇ ਮੈਚਾਂ ’ਚ ਸਮ੍ਰਿਤੀ ਮੰਧਾਨਾ ਦਾ ਦੂਜਾ ਸੱਭ ਤੋਂ ਤੇਜ਼ ਸੈਂਕੜਾ ਵਿਅਰਥ ਗਿਆ ਜਦੋਂ ਆਸਟ੍ਰੇਲੀਆ ਵਿਰੁੱਧ ਸੀਰੀਜ਼ ਦੇ ਫੈਸਲਾਕੁੰਨ ਤੀਜੇ ਮੈਚ ’ਚ ਵਿਸ਼ਵ ਰੀਕਾਰਡ ਸਕੋਰ ਦਾ ਪਿੱਛਾ ਕਰਨ ਦੀ ਭਾਰਤ ਦੀ ਕੋਸ਼ਿਸ਼ 43 ਦੌੜਾਂ ਨਾਲ ਹਾਰ ’ਚ ਖਤਮ ਹੋ ਗਈ।
ਆਸਟ੍ਰੇਲੀਆ ਨੇ 412 ਦੌੜਾਂ ਨਾਲ ਅਪਣਾ ਹੁਣ ਤਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਜਵਾਬ ’ਚ ਮੰਧਾਨਾ ਦੇ 125 (63 ਗੇਂਦਾਂ, 17×4, 5×6) ਉਤੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਲੈਅ ਗੁਆ ਦਿਤੀ ਅਤੇ 47 ਓਵਰਾਂ ਵਿਚ 369 ਦੌੜਾਂ ਹੀ ਬਣਾ ਸਕੀ।
ਦੀਪਤੀ ਸ਼ਰਮਾ (58 ਗੇਂਦਾਂ ਉਤੇ 72 ਦੌੜਾਂ) ਅਤੇ ਸਨੇਹ ਰਾਣਾ ਦੀ ਅੱਠਵੀਂ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਨੇ ਉਮੀਦ ਦੀ ਕਿਰਨ ਦਿਤੀ ਸੀ ਪਰ ਦੀਪਤੀ ਦੇ ਆਊਟ ਹੋਣ ਤੋਂ ਬਾਅਦ, ਮੇਜ਼ਬਾਨ ਟੀਮ ਦੀ ਹਰ ਉਮੀਦ ਖ਼ਤਮ ਹੋ ਗਈ।
ਮੰਧਾਨਾ ਨੇ ਸਿਰਫ 50 ਗੇਂਦਾਂ ਉਤੇ 100 ਦੌੜਾਂ ਬਣਾਈਆਂ ਅਤੇ ਦਖਣੀ ਅਫਰੀਕਾ ਦੇ ਵਿਰੁਧ 2000-01 ਵਿਚ ਆਸਟਰੇਲੀਆਈ ਸਾਬਕਾ ਬੱਲੇਬਾਜ਼ ਕੈਰੇਨ ਰੋਲਟਨ ਦੇ ਰੀਕਾਰਡ (57 ਗੇਂਦਾਂ) ਨੂੰ ਪਾਰ ਕਰ ਦਿਤਾ। ਆਸਟਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਨੇ 2012-13 ਦੇ ਸੀਜ਼ਨ ਵਿਚ ਨਿਊਜ਼ੀਲੈਂਡ ਵਿਰੁਧ 45 ਗੇਂਦਾਂ ਉਤੇ ਸੈਂਕੜਾ ਲਗਾਇਆ ਸੀ।
ਬੈਥ ਮੂਨੀ ‘ਪਲੇਅਰ ਆਫ਼ ਦ ਮੈਚ’ ਰਹੀ ਜਿਸ ਨੇ ਸਿਰਫ 75 ਗੇਂਦਾਂ ਵਿਚ 138 ਦੌੜਾਂ (23×4, 1×6) ਦੀ ਦੌੜਾਂ ਬਣਾਈਆਂ। ਉਸ ਨੇ ਐਲਿਸ ਪੈਰੀ (70 ਗੇਂਦਾਂ ’ਚ 68 ਦੌੜਾਂ) ਨਾਲ ਤੀਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਜਾਰਜੀਆ ਵੋਲ ਨੇ ਆਸਟਰੇਲੀਆ ਨੂੰ 61 ਗੇਂਦਾਂ ਉਤੇ 81 ਦੌੜਾਂ ਬਣਾ ਕੇ ਲੋੜੀਂਦੀ ਸ਼ੁਰੂਆਤ ਦਿਤੀ।
ਸੰਖੇਪ ਸਕੋਰ: ਆਸਟਰੇਲੀਆ – 47.5 ਓਵਰਾਂ ਵਿਚ 412 ਦੌੜਾਂ ਉਤੇ ਸਾਰੇ ਆਊਟ (ਐਲਿਸਾ ਹੀਲੀ 30, ਜਾਰਜੀਆ ਵੋਲ 81, ਐਲਿਸ ਪੈਰੀ 68, ਬੈਥ ਮੂਨੀ 138, ਐਸ਼ਲੇ ਗਾਰਡਨਰ 39)
ਭਾਰਤ : 47 ਓਵਰਾਂ ਵਿਚ 369 ਦੌੜਾਂ (ਸਮ੍ਰਿਤੀ ਮੰਧਾਨਾ 125, ਹਰਮਨਪ੍ਰੀਤ ਕੌਰ 52, ਦੀਪਤੀ ਸ਼ਰਮਾ 72, ਸਨੇਹ ਰਾਣਾ 35)
Read More : ਅਸਮ ਰਾਈਫਲਜ਼ ਦੇ 2 ਜਵਾਨ ਸ਼ਹੀਦ, ਤਿੰਨ ਜ਼ਖਮੀ