ਜਰਮਨੀ ’ਚ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਜਿੱਤੇ ਤਿੰਨੇ ਰੰਗਾਂ ਦੇ ਮੈਡਲ
ਪਟਿਆਲਾ, 28 ਜੁਲਾਈ : ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਜਰਮਨੀ ’ਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਤਿੰਨੇ ਰੰਗਾਂ ਦੇ ਮੈਡਲ ਪ੍ਰਾਪਤ ਕਰਦਿਆਂ ਹੈਟ੍ਰਿਕ ਲਾਈ ਹੈ। ਪ੍ਰਨੀਤ ਕੌਰ ਨੇ ਮਿਕਸਡ ਡਬਲਜ਼ ਸ਼੍ਰੇਣੀ ’ਚ ਸੋਨਾ ਅਤੇ ਮਹਿਲਾ ਕੰਪਾਊਂਡ ਸਿੰਗਲ ਸ਼੍ਰੇਣੀ ’ਚ ਚਾਂਦੀ ਅਤੇ ਮਹਿਲਾ ਟੀਮ ਮੁਕਾਬਲੇ ’ਚ ਕਾਂਸੀ ਦਾ ਮੈਡਲ ਜਿੱਤਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਨੀਤ ਕੌਰ, ਕੋਚ ਸੁਰਿੰਦਰ ਸਿੰਘ ਰੰਧਾਵਾ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਇਸ ਹੋਣਹਾਰ ਤੀਰਅੰਦਾਜ਼ ’ਤੇ ਮਾਣ ਹੈ। ਖੇਡਾਂ ਦੇ ਖੇਤਰ ’ਚ ਪੰਜਾਬੀ ਯੂਨੀਵਰਸਿਟੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੇ ਸ਼ਾਨਦਾਰ ਇਤਿਹਾਸ ਦੀ ਲਗਾਤਾਰਤਾ ’ਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਲੋੜੀਂਦੇ ਮਾਹੌਲ ਦੀ ਸਿਰਜਣਾ ਬਾਬਤ ਹਰ ਸੰਭਵ ਯਤਨ ਕੀਤੇ ਜਾਣਗੇ।
ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਅਗਵਾਈ ਹੇ’ ਸਮੁੱਚੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਖੇਡ ਵਿਭਾਗ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤੀ ਖੇਡ ਦਲ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਕੁੱਲ 6 ਮੈਡਲ ਜਿੱਤੇ ਹਨ, ਜਿਨ੍ਹਾਂ ’ਚ 1 ਸੋਨਾ, 2 ਚਾਂਦੀ ਅਤੇ 3 ਕਾਂਸੀ ਦੇ ਮੈਡਲ ਸ਼ਾਮਲ ਹਨ। ਇਨ੍ਹਾਂ ’ਚੋਂ ਅੱਧੇ ਤਮਗੇ ਪ੍ਰਨੀਤ ਕੌਰ ਦੇ ਹਿੱਸੇ ਆਏ ਹਨ।
Read More : ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ