ਫਿਰੋਜ਼ਪੁਰ, 27 ਜੁਲਾਈ : ਫਿਰੋਜ਼ਪੁਰ ਜ਼ਿਲੇ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਉਂਦੇ ਹੋਏ ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਸ ਨੇ 15 ਕਿਲੋ 7 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤੇ ਗਏ ਨਸ਼ਾ ਸਮੱਗਲਰ ਰਮੇਸ਼ ਕੁਮਾਰ ਉਰਫ ਮੇਸ਼ਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਮੋਹਕਮ ਖਾ ਵਾਲਾ ਤੋਂ ਪੁੱਛ-ਗਿੱਛ ਕਰਨ ਉਪਰੰਤ ਉਸ ਦੀ ਨਿਸ਼ਾਨਦੇਹੀ ’ਤੇ 5 ਕਿਲੋ 506 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ।
ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਅਤੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸਮੱਗਲਰ ਨੇ ਖੁਲਾਸਾ ਕੀਤਾ ਕਿ ਉਸ ਨੇ ਪਸ਼ੂਆਂ ਲਈ ਬਣੇ ਸ਼ੈੱਡ ’ਚ ਰੱਖੇ ਇਕ ਡਰੰਮ ’ਚ ਹੈਰੋਇਨ ਦੇ ਕੁਝ ਪੈਕੇਟ ਛੁਪਾ ਕੇ ਰੱਖੇ ਹੋਏ ਹਨ ਅਤੇ ਇਹ ਹੈਰੋਇਨ ਦੇ ਪੈਕੇਟ ਡੀ. ਐੱਸ. ਪੀ. ਕਰਨ ਸ਼ਰਮਾ ਅਤੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਨਸ਼ਾ ਸਮੱਗਲਰ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਬਰਾਮਦ ਕੀਤੇ।
ਪੁਲਸ ਵੱਲੋਂ ਫੜੇ ਗਏ ਸਮੱਗਲਰ ਦੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਹੈਰੋਇਨ ਕਿਵੇਂ ਅਤੇ ਕਿਸ ਰਸਤੇ ਤੋਂ ਮੰਗਵਾਉਂਦਾ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਸੀ? ਹੁਣ ਤੱਕ ਫਿਰੋਜ਼ਪੁਰ ਪੁਲਸ ਨੇ ਇਸ ਨਸ਼ਾ ਤਸਕਰ ਤੋਂ ਕੁੱਲ 20 ਕਿਲੋ 513 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲਸ ਵੱਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
Read More : ਸਰਹਿੰਦ ਨਹਿਰ ’ਚ ਡਿੱਗੀ ਇਕ ਹੋਰ ਕਾਰ