ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ, 30 ਸਤੰਬਰ : ਸਾਬਕਾ ਮੰਤਰੀ ਪੰਜਾਬ ਅਨਿਲ ਜੋਸ਼ੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਸਬੰਧੀ ਅਨਿਲ ਜੋਸ਼ੀ ਵ੍ਲੋਂ ਦਿੱਲੀ ਵਿਖੇ ਪਿਛਲੇ ਦਿਨੀਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਭਲਕੇ ਚੰਡੀਗੜ੍ਹ ਵਿਚ ਹੋਣ ਜਾ ਰਹੀ ਪੰਜਾਬ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਵਿਚ ਅਨਿਲ ਜੋਸ਼ੀ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਅੰਮ੍ਰਿਤਸਰ ਦੇ ਉੱਤਰੀ ਹਲਕੇ ਤੋਂ ਅਨਿਲ ਜੋਸ਼ੀ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਮੰਡਲ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ।
ਅਕਾਲੀ ਦਲ ਦੀ ਸੀਟ ਤੋਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਅਨਿਲ ਜੋਸ਼ੀ ਕਾਂਗਰਸ ਵਿਚ ਆਪਣਾ ਸਿਆਸੀ ਭਵਿੱਖ ਤਲਾਸ਼ਣ ਜਾ ਰਹੇ ਹਨ।
ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਰਨਤਾਰਨ ਦੇ ਪਿੰਡ ਸੰਘਾ ਦੇ ਨਿਵਾਸੀ ਅਨਿਲ ਜੋਸ਼ੀ ਤੇਜ਼-ਤਰਾਰ ਆਗੂਆਂ ‘ਚ ਗਿਣੇ ਜਾਂਦੇ ਹਨ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲੜਾਉਣ ਲਈ ਕਰੀਬ ਤਿੰਨ ਮਹੀਨੇ ਤੋਂ ਤਿਆਰੀ ਕੀਤੀ ਜਾ ਰਹੀ ਹੈ। ਜੋਸ਼ੀ ਨੂੰ ਕਾਂਗਰਸ ‘ਚ ਸ਼ਾਮਲ ਕਰ ਕੇ ਉਮੀਦਵਾਰ ਐਲਾਨਣ ਲਈ ਕਾਂਗਰਸ ਹਾਈਕਮਾਨ ਵੱਲੋਂ ਤਿਆਰੀ ਪੂਰੀ ਕਰ ਲਈ ਗਈ ਹੈ।
ਅਨਿਲ ਜੋਸ਼ੀ ਨੇ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਦੇ ਮੁੱਖ ਸਕੱਤਰ ਕੇਸੀ ਵੇਣੂਗੋਪਾਲ ਤੇ ਲੋਕਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।
ਅਨਿਲ ਜੋਸ਼ੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (SAD) ‘ਚ ਹਨ, ਜਿਨ੍ਹਾਂ ਨੇ ਅਮ੍ਰਿਤਸਰ ਤੋਂ ਲੋਕਸਭਾ ਦੀ ਚੋਣ ਲੜੀ ਸੀ। ਅਮ੍ਰਿਤਸਰ ਤੋਂ ਦੋ ਵਾਰੀ ਵਿਧਾਇਕ ਰਹੇ ਅਨਿਲ ਜੋਸ਼ੀ 2012 ਦੀ ਸਰਕਾਰ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣੇ। ਕਿਸਾਨੀ ਮੁੱਦੇ ‘ਤੇ ਉਨ੍ਹਾਂ ਭਾਜਪਾ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿਚ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
Read More : ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ