ਜਾਪਾਨ ਨੇ ਸੁਨਾਮੀ ਦੀ ਜਾਰੀ ਕੀਤੀ ਚਿਤਾਵਨੀ
ਕਾਮਚਟਕਾ, 30 ਜੁਲਾਈ : ਰੂਸ ਦੇ ਦੂਰ ਪੂਰਬੀ ਕਾਮਚਟਕਾ ਪ੍ਰਾਇਦੀਪ ਦੇ ਤੱਟ ‘ਤੇ ਬੁੱਧਵਾਰ ਨੂੰ 8.8 ਤੀਬਰਤਾ ਦਾ ਇਕ ਵੱਡਾ ਭੂਚਾਲ ਆਇਆ। ਇਸ ਭੂਚਾਲ ਨੇ ਪ੍ਰਸ਼ਾਂਤ ਖੇਤਰ ਵਿਚ ਹਲਚਲ ਮਚਾ ਦਿੱਤੀ।
ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿਚ ਸੁਨਾਮੀ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਅਮਰੀਕਾ, ਜਾਪਾਨ, ਨਿਊਜ਼ੀਲੈਂਡ, ਫਿਲੀਪੀਨਜ਼, ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿਚ ਸਮੁੰਦਰੀ ਕੰਢਿਆਂ ‘ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।
ਅੱਜ ਦਿਨ ਭਰ ਕਾਮਚਟਕਾ ਦੇ ਤੱਟ ‘ਤੇ ਘੱਟੋ-ਘੱਟ 6 ਭੂਚਾਲ ਦਰਜ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 5.4 ਤੋਂ 6.9 ਤੱਕ ਸੀ। ਹਾਲਾਂਕਿ ਇਹ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀਸ਼ਾਲੀ ਸਨ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾਡੋਰ ਦੇ ਕੁਝ ਤੱਟਵਰਤੀ ਖੇਤਰਾਂ ਵਿਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।
ਜਾਪਾਨ ਨੇ ਟੋਕੀਓ ਖਾੜੀ ਸਮੇਤ ਕਈ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਨਿਊਜ਼ੀਲੈਂਡ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਤੱਟਵਰਤੀ ਖੇਤਰਾਂ ਵਿੱਚ “ਅਸਾਧਾਰਨ ਅਤੇ ਤੇਜ਼ ਕਰੰਟ” ਦੀ ਚਿਤਾਵਨੀ ਦਿੱਤੀ ਹੈ, ਹਾਲਾਂਕਿ ਅਜੇ ਤੱਕ ਉੱਥੇ ਖਾਲੀ ਕਰਵਾਉਣ ਦੀ ਕੋਈ ਲੋੜ ਨਹੀਂ ਹੈ।
ਟਰੰਪ ਨੇ ਕਿਹਾ – ਜਾਪਾਨ ਵੀ ਖ਼ਤਰੇ ਵਿਚ ਹੈ
ਸੁਨਾਮੀ ਦੇ ਖ਼ਤਰੇ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ X ‘ਤੇ ਪੋਸਟ ਕੀਤਾ ਅਤੇ ਲਿਖਿਆ, “ਪ੍ਰਸ਼ਾਂਤ ਮਹਾਸਾਗਰ ਵਿਚ ਆਏ ਵੱਡੇ ਭੂਚਾਲ ਕਾਰਨ, ਹਵਾਈ ਵਿਚ ਰਹਿਣ ਵਾਲਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਲਾਸਕਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਪ੍ਰਸ਼ਾਂਤ ਤੱਟ ‘ਤੇ ਸੁਨਾਮੀ ਦੀ ਨਿਗਰਾਨੀ ਜਾਰੀ ਹੈ। ਜਾਪਾਨ ਵੀ ਖ਼ਤਰੇ ਵਿੱਚ ਹੈ। ਮਜ਼ਬੂਤ ਰਹੋ ਅਤੇ ਸੁਰੱਖਿਅਤ ਰਹੋ।”
Read More : ਸਰਕਾਰ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਾਨੂੰਨੀ ਰੁਕਾਵਟਾਂ ਦੂਰ ਕਰੇਗੀ : ਮਾਨ