ਜੇਲ੍ਹ ’ਚੋਂ ਬਾਹਰ ਆਉਂਦੇ ਹੀ ਕਿਹਾ-ਨਾ ਤਾਂ ਮਜੀਠੀਆ ਰੁਕੇਗਾ ਅਤੇ ਨਾ ਹੀ ਝੁਕੇਗਾ
ਨਾਭਾ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਦੇ ਬਾਹਰ ਵੱਡੀ ਗਿਣਤੀ ’ਚ ਪਹੁੰਚੇ ਮਜੀਠੀਆ ਦੇ ਸਮਰਥਕਾਂ ਨੇ ਪੂਰੇ ਜੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਅੱਜ ਦੁਪਹਿਰ ਜੇਲ੍ਹ ’ਚੋਂ ਬਾਹਰ ਆਉਂਦਿਆਂ ਹੀ ਸਖ਼ਤ ਰੁਖ ਅਪਣਾਉਂਦਿਆਂ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਸੁਨੇਹਾ ਦੇ ਦਿਓ ਨਾ ਤਾਂ ਮਜੀਠੀਆ ਰੁਕੇਗਾ ਅਤੇ ਨਾ ਹੀ ਝੁਕੇਗਾ। ਮਜੀਠੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿੰਨਾ ਸਰਕਾਰ ਨੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਵਾਹਿਗੁਰੂ ਨੇ ਉਨ੍ਹਾਂ ਨੂੰ ਉਨਾ ਹੀ ਬਲ ਬਖਸ਼ਿਆ। ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਹਾੜਿਆਂ ਨੇ ਹੀ ਮੈਨੂੰ ਬਲ ਬਖਸ਼ਿਆ, ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੰਜਾਬ ਪੁਲਸ ਨਵਾਂ ਪਰਚਾ ਦੇਣ ਲੱਗੀ ਹੈ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਸੀ।
ਮਜੀਠੀਆ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ’ਚੋਂ ਆਪਣੀਆਂ ਮਾਵਾਂ ਭੈਣਾਂ, ਬਜ਼ੁਰਗਾਂ, ਭਰਾਵਾਂ ਅਤੇ ਮਜੀਠੇ ਹਲਕੇ ’ਚ ਬੈਠੇ ਇਕ-ਇਕ ਭੈਣ-ਭਰਾ ਦਾ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਨੇ ਦਿਨ-ਰਾਤ ਅਰਦਾਸਾਂ ਕੀਤੀਆਂ। ਇਹ ਅਰਦਾਸਾਂ ਸਦਕਾ ਹੀ ਮੈਂ ਬਾਹਰ ਆਇਆ ਹਾਂ। ਜੇਕਰ ਸਰਕਾਰ ਦਾ ਵੱਸ ਚੱਲਦਾ ਤਾਂ ਇਹ ਚਾਹੁੰਦੇ ਸੀ ਕਿ ਮੈਂ ਮਰਿਆ ਬਾਹਰ ਆਵਾਂ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਇਹ ਮਾਮਲਾ ਕਥਿਤ ਤੌਰ ’ਤੇ 540 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਹੈ। ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਫੁੱਲਾਂ ਨਾਲ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਗਿਆ। ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸੀ।
ਇਸ ਮੌਕੇ ਵਿਧਾਇਕ ਗਨੀਵ ਕੌਰ ਮਜੀਠੀਆ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਦਮਨਜੀਤ ਸਿੰਘ ਸੋਫਤੀ, ਮੱਖਣ ਸਿੰਘ ਲਾਲਕਾ (ਹਲਕਾ ਇੰਚਾਰਜ), ਕੋਰ ਕਮੇਟੀ ਮੈਂਬਰ ਤੇ ਅਮਰਗੜ੍ਹ ਤੋਂ ਨੌਜਵਾਨ ਸੇਵਾਦਾਰ ਭੀਮ ਵੜੈਚ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਆਗੂ ਅਤੇ ਸਮਰਥਕ ਮੌਜੂਦ ਸਨ।
Read More : ਫਿਰੋਜ਼ਪੁਰ ਸਰਹੱਦ ਨੇੜੇ ਡਰੋਨ ਮਿਲਿਆ
