ਧੂਰੀ, 20 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਧਰਮ ਦੇ ਨਾਂ ’ਤੇ ਵੋਟਾਂ ਮੰਗਣ ਵਾਲੇ ਸਰਕਾਰਾਂ ਵਿਚ ਰਹੇ ਹਨ ਪਰ ਉਨ੍ਹਾਂ ਨੇ ਗੁਰੂ ਸਾਹਿਬਾਨ ਲਈ ਕੁਝ ਨਹੀਂ ਕੀਤਾ ਕਿਉਂਕਿ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦਾ ਪਾਲਣ-ਪੋਸ਼ਣ ਕਰਨ ਵਿਚ ਹੀ ਰੁੱਝੇ ਰਹੇ। ਉਨ੍ਹਾਂ ਨੇ ਧਰਮ ਨੂੰ ਢਾਲ ਵਜੋਂ ਵਰਤਿਆ। ਜਦੋਂ ਉਨ੍ਹਾਂ ਦੇ ਸਿਆਸੀ ਫੈਸਲਿਆਂ ਦੀ ਆਲੋਚਨਾ ਹੁੰਦੀ ਸੀ, ਤਾਂ ਉਹ ਧਰਮ ਨੂੰ ਅੱਗੇ ਲੈ ਆਉਂਦੇ ਸਨ।
ਉਨ੍ਹਾਂ ਕਿਹਾ ਕਿ ਉਹ ਅਜੇ ਵੀ ਸਾਡੇ ਵਿਚ ਨੁਕਸ ਕੱਢਣਗੇ ਪਰ ਜਨਤਾ ਦੇ ਵਿਸ਼ਵਾਸ ’ਤੇ ਉਨ੍ਹਾਂ ਦੀ ਆਵਾਜ਼ ਹਾਵੀ ਨਹੀਂ ਹੋਵੇਗੀ। ਇਨ੍ਹਾਂ ਨੇ ਧਰਮ ਨੂੰ ਲੁੱਟਿਆ ਅਤੇ ਗੋਲਕਾਂ ਦੇ ਫੰਡਾਂ ਦੀ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਕਿਤੇ ਵੀ ਬੁਲਾ ਲਵੇ, ਉਹ ਉਸ ਦੇ ਸਾਰੇ ਕੱਚੇ ਚਿੱਠੇ ਖੋਲ੍ਹ ਦੇਣਗੇ।
ਉਨ੍ਹਾਂ ਕਿਹਾ ਕਿ 300ਵੀਂ ਵਰ੍ਹੇਗੰਢ ਅਕਾਲੀ ਦਲ ਦੀ ਸਰਕਾਰ ਦੌਰਾਨ ਵੀ ਮਨਾਈ ਗਈ ਸੀ। ਹੁਣ, ਉਹ ‘ਆਪ’ ਸਰਕਾਰ ਵੱਲੋਂ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਦਾ ਵਿਰੋਧ ਕਿਉਂ ਕਰ ਰਹੇ ਹਨ?
ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ‘ਚਰਨ ਛੋਹ’ ਸਥਾਨਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ। ਸੈਸ਼ਨ ਵਿਚ ਕਿਸੇ ਵੀ ਰਾਜਨੀਤਕ ਮੁੱਦੇ ’ਤੇ ਚਰਚਾ ਨਹੀਂ ਕੀਤੀ ਜਾਵੇਗੀ।
Read More : ਸੂਬੇਦਾਰ ਨਰੇਸ਼ ਕੁਮਾਰ ਡਿਊਟੀ ਦੌਰਾਨ ਸ਼ਹੀਦ
