Baltej Pannu

ਅਕਾਲੀ ਦਲ ਨੇ ਹੀ ਦਿੱਤੀ ਸੀ ਪੀ.ਯੂ. ਦੇ ਕੇਂਦਰੀਕਰਨ ਦੀ ਲਿਖਤੀ ਪ੍ਰਵਾਨਗੀ : ਬਲਤੇਜ ਪੰਨੂ

ਕਿਹਾ-ਐੱਸ. ਵਾਈ. ਐੱਲ. ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੱਕ ਬਾਦਲਾਂ ਨੇ ਹਮੇਸ਼ਾ ਪੰਜਾਬ ਨਾਲ ਕੀਤਾ ਧੋਖਾ

ਚੰਡੀਗੜ੍ਹ, 21 ਨਵੰਬਰ : ਆਮ ਆਦਮੀ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ’ਤੇ ਦੋਹਰਾ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ। ‘ਆਪ’ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਆਪਣੀ ਗੁਆਚੀ ਰਾਜਨੀਤਕ ਜ਼ਮੀਨ ਮੁੜ ਪ੍ਰਾਪਤ ਕਰਨ ਲਈ ਪੰਜਾਬ ਯੂਨੀਵਰਸਿਟੀ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਲੜੇਗਾ। ਉਨ੍ਹਾਂ ਨੇ ਇਕ ਪੁਰਾਣੀ ਸਰਕਾਰੀ ਚਿੱਠੀ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ।

ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹੀ ਲਿਖਤੀ ਰੂਪ ’ਚ ‘ਨੋ ਓਬਜੈਕਸ਼ਨ’ ਦਿੱਤਾ ਸੀ ਕਿ ਜੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕੀਤਾ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹ ਅੱਜ ਉਹੀ ਲੋਕ ਯੂਨੀਵਰਸਿਟੀ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ, ਜਿਨ੍ਹਾਂ ਨੇ ਖ਼ੁਦ ਇਸ ਨੂੰ ਕੇਂਦਰ ਹਵਾਲੇ ਕਰਨ ਦੀ ਤਿਆਰੀ ਕੀਤੀ ਸੀ।

ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਦੇ ਧੋਖਿਆਂ ਦੀ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਕਿਹਾ ਕਿ ਐੱਸ. ਵਾਈ. ਐੱਲ. ਨਹਿਰ ਦੇ ਮਾਮਲੇ ’ਚ ਵੀ ਅਕਾਲੀ ਦਲ ਨੇ ਪੈਸੇ ਲੈ ਕੇ ਨਹਿਰ ਕਢਵਾਉਣ ਦੀ ਇਜਾਜ਼ਤ ਦਿੱਤੀ ਸੀ। ਇਸੇ ਤਰ੍ਹਾਂ ਜਦੋਂ ਕੇਂਦਰ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਸੀ ਤਾਂ ਅਕਾਲੀ ਦਲ ਨੇ ਭਾਜਪਾ ਦਾ ਸਾਥ ਦਿੰਦਿਆਂ ਕਿਹਾ ਸੀ ਕਿ ਇਨ੍ਹਾਂ ਕਾਨੂੰਨਾਂ ’ਚ ਕੁਝ ਵੀ ਗ਼ਲਤ ਨਹੀਂ ਹੈ ਤੇ ਉਹ ਇਸ ਨੂੰ ਲਾਗੂ ਕਰਵਾਉਣਗੇ ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਮਜਬੂਰੀ ’ਚ ਅਸਤੀਫ਼ੇ ਦੇਣ ਦਾ ਡਰਾਮਾ ਕੀਤਾ ਗਿਆ।

ਹੁਣ ਉਹ ਸਮਾਂ ਬੀਤ ਚੁੱਕਾ ਹੈ ਜਦੋਂ ਸਿਆਸੀ ਆਗੂ ਵੱਖ-ਵੱਖ ਥਾਵਾਂ ’ਤੇ ਜਾ ਕੇ ਵੱਖ-ਵੱਖ ਬਿਆਨ ਦੇ ਦਿੰਦੇ ਸਨ ਤੇ ਬਚ ਜਾਂਦੇ ਸਨ। ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ’ਚ ਰਹਿੰਦਿਆਂ ਸੂਬੇ ਦੇ ਹੱਕਾਂ ਨੂੰ ਹੜੱਪ ਲਿਆ। ਪਿਛਲੀਆਂ ਸਰਕਾਰਾਂ ਖ਼ਾਸ ਕਰਕੇ ਅਕਾਲੀ ਦਲ ਨੇ ਆਪਣੇ ਨਿੱਜੀ ਤੇ ਰਾਜਨੀਤਕ ਲਾਭ ਲਈ ਪੰਜਾਬ ਦੇ ਹਿੱਤਾਂ ਦਾ ਵਪਾਰ ਕਰਨ ’ਚ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਿਸ ਸੰਕਟ ਦਾ ਸਾਹਮਣਾ ਕਰ ਰਹੇ ਹਨ, ਉਹ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਸਵਾਰਥ ਦਾ ਨਤੀਜਾ ਹੈ। ਭਾਵੇਂ ਉਹ ਪੰਜਾਬ ਦੇ ਪਾਣੀ ਦਾ ਮੁੱਦਾ ਹੋਵੇ, ਐੱਸ. ਵਾਈ. ਐੱਲ. ਨਹਿਰ ਵਿਵਾਦ ਹੋਵੇ ਜਾਂ ਹੁਣ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ, ਅਕਾਲੀ ਦਲ ਤੇ ਪਿਛਲੀਆਂ ਸਰਕਾਰਾਂ ਨੇ ਹਰ ਜਗ੍ਹਾ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ।

ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਯੂਨੀਵਰਸਿਟੀ ਦੇ ਸੰਘੀ ਢਾਂਚੇ ਨੂੰ ਬਚਾਉਣ ਤੇ ਪੰਜਾਬ ਦੇ ਹੱਕਾਂ ਲਈ ਮਜ਼ਬੂਤੀ ਨਾਲ ਖੜ੍ਹੀ ਰਹੇਗੀ ਤੇ ਅਕਾਲੀ ਦਲ ਦੇ ਝੂਠਾਂ ਨੂੰ ਜਨਤਾ ਸਾਹਮਣੇ ਬੇਨਕਾਬ ਕਰਦੀ ਰਹੇਗੀ।

Read More : ਨਿਤੀਸ਼ ਕੁਮਾਰ 10ਵੀਂ ਵਾਰ ਬਣੇ ਬਿਹਾਰ ਦੇ ਸੀ.ਐੱਮ., 26 ਮੰਤਰੀਆਂ ਨਾਲ ਚੁੱਕੀ ਸਹੁੰ

Leave a Reply

Your email address will not be published. Required fields are marked *