arrested

7 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਦੋਸ਼ੀ ਨੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ

ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਦਾ ਮਾਮਲ

ਮਾਨਸਾ, 14 ਅਗਸਤ : ਸਥਾਨਕ ਅਦਾਲਤ ਵੱਲੋਂ ਇਕ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ, ਉਸਨੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ। ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਨੌਜਵਾਨ ਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ ਹਨ ਅਤੇ ਉਸਦੀ ਛਾਤੀ ’ਚ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਜ਼ਿਲੇ ਦੇ ਬੋਹਾ ਕਸਬੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਰਹਿਣ ਵਾਲੇ ਹਰਭਜਨ ਸਿੰਘ ਪੁੱਤਰ ਕੁੱਕੂ ਸਿੰਘ ਵਿਰੁੱਧ 17 ਸਤੰਬਰ, 2023 ਨੂੰ ਬੋਹਾ ਥਾਣੇ ਵਿਚ ਧਾਰਾ 363,366 ਤਹਿਤ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ’ਚ ਅੱਜ ਮਾਨਸਾ ਦੇ ਵਧੀਕ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਹਰਭਜਨ ਸਿੰਘ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ, ਉਸਨੇ ਭੱਜਣ ਲਈ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਤੇ ਬੇਹੋਸ਼ ਹੋ ਗਿਆ।

ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਉਸ ਦੀਆਂ ਦੋਵੇਂ ਲੱਤਾਂ ਕੰਮ ਕਰਨਾ ਬੰਦ ਕਰ ਗਈਆਂ ਹਨ ਅਤੇ ਉਸਦੀ ਛਾਤੀ ਵੀ ਟੁੱਟ ਗਈ ਹੈ। ਦੋਸ਼ੀ ਹਰਭਜਨ ਸਿੰਘ ਨੂੰ ਪੁਲਸ ਸੁਰੱਖਿਆ ਹੇਠ ਰੱਖਿਆ ਗਿਆ ਸੀ ਅਤੇ ਡਾਕਟਰ ਵੀ ਗੱਲ ਕਰਨ ਤੋਂ ਝਿਜਕ ਰਹੇ ਸਨ। ਪੁਲਸ ਸੁਰੱਖਿਆ ਹੇਠ ਹਰਭਜਨ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *