ਬਠਿੰਡਾ, 9 ਨਵੰਬਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨਤਾਰਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਦਲਿਤਾਂ ਦਾ ਅਪਮਾਨ ਕੀਤਾ ਅਤੇ ਹੁਣ ਸਿੱਖ ਬੱਚਿਆਂ ਦੇ ਕੇਸਾਂ ਦਾ ਮਜ਼ਾਕ ਉਡਾ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ’ਚ ਸਿੱਖ ਭਾਈਚਾਰੇ ਦਾ ਨਿਰਾਦਰ ਅਤੇ ਮਜ਼ਾਕ ਉਡਾਉਣ ਦਾ ਵਰਤਾਰਾ ਆਮ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਭਾਈਚਾਰੇ ਨੂੰ ਕੇਸਾਂ ਦਾ ਅਨਮੋਲ ਤੋਹਫਾ ਦਿੱਤਾ ਹੈ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਸਿੱਖਾਂ ਨੂੰ ਦਿੱਤੇ ਗਏ ਪੰਜ ਕਕਾਰਾਂ ’ਚੋਂ ਇਕ ਹਨ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ’ਚ ਜਨਮ ਲੈਣ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਖਾਂ ਲਈ ਕੇਸਾਂ ਦੀ ਮਹੱਤਤਾ ਨੂੰ ਨਹੀਂ ਸਮਝਦੇ।
ਉਨ੍ਹਾਂ ਕਿਹਾ ਕਿ ਤਰਨਤਾਰਨ ਸਾਹਿਬ ’ਚ ਜਿਸ ਤਰ੍ਹਾਂ ਵੜਿੰਗ ਨੇ ਮਜ਼ਾਕੀਆ ਟਿੱਪਣੀ ਕਰਦੇ ਹੋਏ 2 ਸਿੱਖ ਬੱਚਿਆਂ ਦੇ ਵਾਲਾਂ ਨੂੰ ਛੂਹਿਆ, ਉਹ ਗੁਰੂ ਸਾਹਿਬ ਵੱਲੋਂ ਦਿੱਤੇ ਕੇਸਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਸਖਤ ਨਿੰਦਾ ਕਰਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਇਸ ਦਾ ਗੰਭੀਰ ਨੋਟਿਸ ਲੈਣ ਅਤੇ ਵੜਿੰਗ ਵਿਰੁੱਧ ਸਖਤ ਕਾਰਵਾਈ ਕਰਨ।
Read More : ਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
