ਤਲਵੰਡੀ ਸਾਬੋ, 22 ਜਨਵਰੀ : ਨਵੰਬਰ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀਆਂ ’ਚ ਗਿਣੇ ਜਾਂਦੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅੱਜ ਕਤਲੇਆਮ ਸਬੰਧੀ ਦੋ ਕੇਸਾਂ ’ਚੋਂ ਅਦਾਲਤ ਵੱਲੋਂ ਬਰੀ ਕਰ ਦਿੱਤੇ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ ਤੇ ਇਉਂ ਲੱਗਦਾ ਜਿਵੇਂ ਹਿੰਦੁਸਤਾਨ ’ਚ ਦੋ ਕਾਨੂੰਨ ਚੱਲ ਰਹੇ ਹੋਣ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਵੰਬਰ 1984 ’ਚ ਹਜ਼ਾਰਾਂ ਸਿੱਖਾਂ ਦੇ ਗਲਾਂ ’ਚ ਬਲਦੇ ਹੋਏ ਟਾਇਰ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ, ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ। ਸਿੱਖਾਂ ਦੀ ਅਜਿਹੀ ਨਸਲਕੁਸ਼ੀ ਦੇ ਮੁਲਜ਼ਮ ਸਰਕਾਰਾਂ ਵੱਲੋਂ ਲੰਬਾਂ ਸਮਾਂ ਤਾਂ ਸਾਹਮਣੇ ਹੀ ਨਹੀਂ ਲਿਆਂਦੇ ਗਏ ਤੇ ਜੇਕਰ ਮੁਲਜ਼ਮ ਸਾਹਮਣੇ ਆਏ ਤਾਂ ਅਦਾਲਤੀ ਕੇਸਾਂ ਦਾ ਸਾਹਮਣਾ ਕਰਦਿਆਂ ਉਹ ਬੜੀ ਆਸਾਨੀ ਨਾਲ ਬਰੀ ਹੋ ਗਏ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ 84 ਦੀ ਸਿੱਖ ਨਸਲਕੁਸ਼ੀ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਤਲਾਂ ’ਚ ਸ਼ਾਮਲ ਨੂੰ ਅਦਾਲਤਾਂ ਵੱਲੋਂ ਬਰੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ 35-35 ਸਾਲ ਤੋਂ ਜੇਲਾਂ ’ਚ ਬੰਦ ਸਿੱਖ ਬੰਦੀਆਂ ਨੂੰ ਪੈਰੋਲ ਤਕ ਨਹੀਂ ਦਿੱਤੀ ਜਾ ਰਹੀ।
ਕਈਆਂ ਨੂੰ ਐੱਨ. ਐੱਸ. ਏ. ਲਗਾ ਕੇ ਜੇਲ ’ਚ ਡੱਕਿਆ ਹੋਇਆ ਹੈ। ਉਨ੍ਹਾਂ ਦੇ ਮੁਕੱਦਮੇ ਲੰਬੇ ਖਿੱਚੇ ਜਾ ਰਹੇ ਹਨ ਅਤੇ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ। ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਬਹੁਤ ਮੰਦਭਾਗਾ ਦੱਸਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਦਾਲਤੀ ਫੈਸਲੇ ਨਾਲ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਗਿਆ ਹੈ।
Read More : ਵਰਜੀਤ ਵਾਲੀਆ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ
