ਰੋਡਵੇਜ਼ ਦੀ ਬੱਸ ਨਾਲ ਟਕਰਾਇਆ ਟਰਾਲਾ
ਖੰਨਾ, 28 ਅਕਤੂਬਰ : ਅੱਜ ਸਵੇਰੇ ਖੰਨਾ ਨੈਸ਼ਨਲ ਹਾਈਵੇ ’ਤੇ ਨਜ਼ਦੀਕ ਬਿਰਧ ਆਸ਼ਰਮ ਮੈਕਡੋਨਲਡ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ।
ਪੰਜਾਬ ਰੋਡਵੇਜ਼ ਦੀ ਬੱਸ, ਜੋ ਕਿ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ, ਨੂੰ ਇਕ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬਸ ਤੇ ਟਰਾਲੇ ਦਾ ਮੂਹਰਲਾ ਹਿੱਸਾ ਨੁਕਸਾਨਿਆ ਗਿਆ। ਬੱਸ ਵਿਚ 40 ਤੋਂ 50 ਯਾਤਰੀ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ’ਚ 22 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ’ਚ 16 ਔਰਤਾਂ ਤੇ 6 ਮਰਦ ਸ਼ਾਮਲ ਹਨ।
ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰਾਲਾ ਸਰਹਿੰਦ ਪਾਸੋਂ ਆ ਰਿਹਾ ਸੀ। ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿਵਾਈਡਰ ਪਾਰ ਕਰ ਕੇ ਬੱਸ ਨਾਲ ਟਕਰਾ ਗਿਆ। ਬੱਸ ’ਚ ਜ਼ਿਆਦਾਤਰ ਕਾਲਜ ਵਿਦਿਆਰਥਣਾਂ ਤੇ ਦਫ਼ਤਰੀ ਕਰਮਚਾਰੀ ਸਵਾਰ ਸਨ। ਟੱਕਰ ਮਗਰੋਂ ਬੱਸ ਅੰਦਰ ਚੀਖ ਚਿਹਾੜਾ ਮਚ ਗਿਆ ਤੇ ਕਈ ਯਾਤਰੀ ਆਪਣੀਆਂ ਸੀਟਾਂ ਤੋਂ ਡਿੱਗ ਪਏ।
ਸੂਚਨਾ ਮਿਲਦੇ ਹੀ ਸਿਟੀ ਥਾਣਾ ਦੀ ਪੁਲਸ, ਸੜਕ ਸੁਰੱਖਿਆ ਫੋਰਸ ਤੇ 108 ਐਂਬੂਲੈਂਸ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਨੈਸ਼ਨਲ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ। ਤਕਰੀਬਨ ਇੱਕ ਘੰਟਾ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਰਹੀ। ਟ੍ਰੈਫਿਕ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਕ ਪਾਸੇ ਦਾ ਰਸਤਾ ਖੋਲ੍ਹ ਕੇ ਆਵਾਜਾਈ ਚਾਲੂ ਕਰਵਾਈ।
ਮੌਕੇ ’ਤੇ ਮੌਜੂਦ ਡੀ.ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਸਵੇਰੇ ਸਾਢੇ 9 ਵਜੇ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਉਹ ਖੁਦ ਇਥੇ ਪਹੁੰਚੇ ਐੱਚ.ਐੱਚ.ਓ. ਸਿਟੀ ਸੰਦੀਪ ਕੁਮਾਰ ਵੀ ਮੌਕੇ ’ਤੇ ਮੌਜੂਦ ਸਨ। ਬੱਸ ’ਚ 40 ਤੋਂ 50 ਦੇ ਕਰੀਬ ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ 22 ਜ਼ਖਮੀ ਹੋਏ, ਜਿਨ੍ਹਾਂ ਨੂੰ ਰੈਸਕਿਉ ਕਰਦਿਆਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸਾਰੇ ਯਾਤਰੀ ਖਤਰੇ ਤੋਂ ਬਾਹਰ ਹਨ।
ਉਨ੍ਹਾਂ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਟਰਾਲਾ ਡਿਵਾਈਡਰ ਤੋਂ ਰੌਂਗ ਸਾਈਡ ਆ ਕੇ ਬਸ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਖੰਨਾ ਦੇ ਐੱਸ.ਐੱਮ.ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 22 ਜ਼ਖਮੀ ਲਿਆਂਦੇ ਗਏ ਸਨ, ਜਿਨ੍ਹਾਂ ’ਚੋਂ ਕੁਝ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਕ ਨੂੰ ਰੈਫਰ ਕੀਤਾ ਗਿਆ।
Read More : ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 6 ਪਿਸਤੌਲ ਬਰਾਮਦ
