ਆਰਥਿਕ ਨੀਤੀਆਂ ‘ਤੇ ਚੁੱਕੇ ਵੱਡੇ ਸਵਾਲ; ਕਿਹਾ-ਮਹਿੰਗਾਈ ਸਿਖਰ ‘ਤੇ ਅਤੇ ਰੁਪਿਆ ਇਤਿਹਾਸਕ ਗਿਰਾਵਟ ‘ਤੇ
ਨਵੀਂ ਦਿੱਲੀ/ਚੰਡੀਗੜ੍ਹ, 24 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵਿੱਤ ਬਿੱਲ 2026 ‘ਤੇ ਚਰਚਾ ਦੌਰਾਨ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਆਰਥਿਕ ਸੁਧਾਰਾਂ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਚਿੰਤਾ ਜਤਾਈ ਕਿ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 90 ਦੇ ਖ਼ਤਰਨਾਕ ਪੱਧਰ ਨੂੰ ਪਾਰ ਕਰ ਗਿਆ ਹੈ ਅਤੇ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਉੱਪਰ ਪਹੁੰਚ ਚੁੱਕੀਆਂ ਹਨ।
ਕਿਸਾਨੀ ਸੰਕਟ ਅਤੇ ਕਾਰਪੋਰੇਟ ਪੱਖੀ ਨੀਤੀਆਂ
ਕੰਗ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਫੇਲ੍ਹ ਹੋ ਚੁੱਕਾ ਹੈ, ਕਿਉਂਕਿ ਖਾਦਾਂ ਅਤੇ ਕੀਟਨਾਸ਼ਕਾਂ ਦੇ ਰੇਟ ਵਧਣ ਨਾਲ ਲਾਗਤ ਤਿੰਨ ਗੁਣਾ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ 16 ਲੱਖ ਕਰੋੜ ਦੇ ਕਰਜ਼ੇ (NPA) ਮੁਆਫ਼ ਕੀਤੇ ਹਨ, ਪਰ ਕਿਸਾਨ ਅੱਜ ਵੀ ਐਮਐਸਪੀ ਦੀ ਗਾਰੰਟੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਡੇਅਰੀ ਅਤੇ ਬਾਗਬਾਨੀ ਖੇਤਰ ਲਈ ਘਾਤਕ ਦੱਸਿਆ।
ਵਾਘਾ ਬਾਰਡਰ ਵਪਾਰ ਅਤੇ ਖੇਤਰੀ ਆਰਥਿਕਤਾ
ਸੰਸਦ ਮੈਂਬਰ ਨੇ ਸਵਾਲ ਚੁੱਕਿਆ ਕਿ ਜੇਕਰ ਮੁੰਬਈ-ਕਰਾਚੀ ਰੂਟ ਰਾਹੀਂ ਵਪਾਰ ਹੋ ਸਕਦਾ ਹੈ, ਤਾਂ ਅੰਮ੍ਰਿਤਸਰ-ਲਾਹੌਰ (ਵਾਘਾ ਬਾਰਡਰ) ਮਾਰਗ ਕਿਉਂ ਬੰਦ ਹੈ? ਉਨ੍ਹਾਂ ਕਿਹਾ ਕਿ ਇਸ ਮਾਰਗ ਦੇ ਖੁੱਲ੍ਹਣ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ, ਪਰ ਸਰਕਾਰ ਵੱਡੇ ਕਾਰਪੋਰੇਟਾਂ ਦੇ ਹਿੱਤ ਪੂਰ ਰਹੀ ਹੈ।
ਨੌਜਵਾਨਾਂ ਅਤੇ ਮੁਲਾਜ਼ਮਾਂ ਦੇ ਮੁੱਦੇ
ਅਗਨੀਵੀਰ ਯੋਜਨਾ ਦੀ ਆਲੋਚਨਾ ਕਰਦਿਆਂ ਕੰਗ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਿਰਾਸ਼ਾ ਵਧੀ ਹੈ, ਜੋ ਉਨ੍ਹਾਂ ਨੂੰ ਗਲਤ ਰਸਤਿਆਂ ਵੱਲ ਧੱਕ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਬਹਾਲ ਨਾ ਕਰਨ ਅਤੇ ਮਨਰੇਗਾ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕਰਨ ‘ਤੇ ਵੀ ਸਰਕਾਰ ਨੂੰ ਘੇਰਿਆ।
ਮਾਲਵਿੰਦਰ ਕੰਗ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਿਹਾ ਕਿ ਦੇਸ਼ ਸਿਰਫ ਮੀਡੀਆ ਦੀਆਂ ਖ਼ਬਰਾਂ ਨਾਲ ਅੱਗੇ ਨਹੀਂ ਵਧ ਸਕਦਾ। ਅਸਲ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਕਿਸਾਨ, ਨੌਜਵਾਨ ਅਤੇ ਮਜ਼ਦੂਰ ਸੁਰੱਖਿਅਤ ਹੋਣਗੇ। ਉਨ੍ਹਾਂ ਨੇ ਪ੍ਰਤੀ ਵਿਅਕਤੀ ਆਮਦਨ ਵਿੱਚ ਭਾਰਤ ਦੇ 142ਵੇਂ ਸਥਾਨ ‘ਤੇ ਫਿਸਲਣ ਨੂੰ ਦੇਸ਼ ਲਈ ਚਿੰਤਾ ਦਾ ਵਿਸ਼ਾ ਦੱਸਿਆ।
Read More : ਹਾਈ ਕੋਰਟ ਤੋਂ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਵੱਡੀ ਰਾਹਤ
