ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਹੜ੍ਹ ਦੌਰਾਨ ਹਰਿਆਣਾ ਨੇ ਪੰਜਾਬ ਦੀ ਮਦਦ ਕੀਤੀ ਪਰ ਪੰਜਾਬ ਸਰਕਾਰ ਅਤੇ ਉਸ ਦੇ ਆਗੂ ਉਸ ਸਮੇਂ ਗੈਰ-ਹਾਜ਼ਰ ਰਹੇ। ਜਿਸ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ, ਜਦੋਂ ਲੋੜ ਪਈ ਤਾਂ ਉਹ ਹਸਪਤਾਲ ਵਿਚ ਦਾਖਲ ਹੋ ਗਿਆ। ਕੇਜਰੀਵਾਲ ਵੀ ਦਿੱਲੀ ਜਾ ਕੇ ਬੈਠ ਗਏ। ਇਹ ਗੱਲ ਮੇਲਾ ਮਾਘੀ ਮੌਕੇ ਪਹਿਲੀ ਵਾਰ ਭਾਜਪਾ ਵੱਲੋਂ ਆਯੋਜਿਤ ਕਾਨਫਰੰਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹੀ।
ਮੁੱਖ ਮੰਤਰੀ ਸੈਣੀ ਨੇ ਆਮ ਆਦਮੀ ਪਾਰਟੀ ’ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਆਪ’ ਸਰਕਾਰ ਨੂੰ ਸੱਤਾ ’ਚ ਆਇਆਂ 4 ਸਾਲ ਹੋ ਗਏ ਹਨ ਪਰ ਇਸ ਨੇ ਲੋਕਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਇਸੇ ਤਰ੍ਹਾਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਲੋਕਾਂ ਨਾਲ ਧੋਖਾ ਕੀਤਾ ਸੀ।
ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ ਅਤੇ ‘ਆਪ’ ਸਰਕਾਰ ਨੇ ਸੂਬੇ ਦੇ ਹਾਲਾਤ ਪੂਰੀ ਤਰ੍ਹਾਂ ਵਿਗਾੜ ਦਿੱਤੇ ਹਨ। ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਦਿਆਲ ਸਿੰਘ ਸੋਢੀ, ਅਨਿਲ ਸ਼ਰਮਾ, ਤੀਕਸ਼ਣ ਸੂਦ, ਕੇਵਲ ਢਿੱਲੋਂ, ਪਰਨੀਤ ਕੌਰ, ਇਕਬਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬ ਨੂੰ ‘ਆਪ’ ਸਰਕਾਰ ਨੇ ਬਦਹਾਲੀ ਤੇ ਅਰਾਜਕਤਾ ਵੱਲ ਧੱਕਿਆ : ਅਨੁਰਾਗ ਠਾਕੁਰ
ਸਾਬਕਾ ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਕਹਾ ਕਿ ਪੰਜਾਬ ਵਿਚ ਮੌਜੂਦਾ ‘ਆਪ’ ਸਰਕਾਰ ਨੇ ਜਨਤਾ ਦੀ ਖੁਸ਼ਹਾਲੀ ਖੋਹਣ ਅਤੇ ਪੰਜਾਬ ਨੂੰ ਅਰਾਜਕਤਾ ਤੇ ਬਦਹਾਲੀ ਵੱਲ ਧੱਕਣ ਦਾ ਕੰਮ ਕੀਤਾ ਹੈ।
ਅਨੁਰਾਗ ਠਾਕੁਰ ਨੇ ਕਿਹਾ, “ਪੰਜਾਬ ਨੂੰ ਆਪਣੇ ਹਿੱਤਾਂ ਦੀ ਰਾਖੀ ਅਤੇ ਖੁਸ਼ਹਾਲੀ ਲਈ ਅੱਜ ਪੰਜ ਫਰੰਟਾਂ ’ਤੇ ਲੜਾਈ ਲੜਨੀ ਪੈਣੀ ਹੈ। ਪੰਜਾਬ ਵਿਚ ‘ਆਪ’ ਸਰਕਾਰ ਨੇ ਅਰਾਜਕਤਾ, ਨਸ਼ਾ, ਅਪਰਾਧ, ਭ੍ਰਿਸ਼ਟਾਚਾਰ ਅਤੇ ਕੇ-ਕੰਪਨੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਪੂਰੇ ਪੰਜਾਬ ਨੂੰ ਇਸ ਦੇ ਖਿਲਾਫ ਪੂਰੀ ਇਕਜੁੱਟਤਾ ਨਾਲ ਖੜ੍ਹਨਾ ਪਵੇਗਾ।
Read More : ‘ਆਪ’ ਪੰਜਾਬ ਵਿਚ ਸਿਰਫ਼ ਝੂਠ ਬੋਲ ਕੇ ਸੱਤਾ ਵਿਚ ਆਈ : ਸੁਖਬੀਰ ਬਾਦਲ
