Sukhbir Badal

‘ਆਪ’ ਪੰਜਾਬ ਵਿਚ ਸਿਰਫ਼ ਝੂਠ ਬੋਲ ਕੇ ਸੱਤਾ ਵਿਚ ਆਈ : ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਮਾਘੀ ਦੇ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ‘ਆਪ’ ਪੰਜਾਬ ਵਿਚ ਸਿਰਫ਼ ਝੂਠ ਬੋਲ ਕੇ ਸੱਤਾ ਵਿਚ ਆਈ ਹੈ ਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਬਾਹਰਲੇ ਸੂਬਿਆਂ ਵਿਚ ਪ੍ਰਚਾਰ ਲਈ ਬਰਬਾਦ ਕੀਤਾ ਜਾ ਰਿਹਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਵੇਲੇ ਬੀਬੀਆਂ ਨੂੰ 1000 ਰੁਪਏ ਤੇ ਪੈਨਸ਼ਨ 2500 ਰੁਪਏ ਕਰਨ ਦੀਆਂ ਦਿੱਤੀਆਂ ਗਈਆਂ ਗਾਰੰਟੀਆਂ ਵੱਲ ਸਰਕਾਰ ਨੇ ਮੁੜ ਕੇ ਝਾਕਣਾ ਵੀ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਦੋਸ਼ ਲਾਇਆ ਕਿ ਸਕੂਲਾਂ ਦੇ ਨਾਂ ’ਤੇ ਸਿਰਫ਼ ਰੰਗ-ਰੋਗਣ ਕੀਤਾ ਗਿਆ ਹੈ, ਜਦਕਿ ਸੂਬੇ ਵਿਚ ਇਕ ਵੀ ਨਵੀਂ ਸੜਕ ਜਾਂ ਹਸਪਤਾਲ ਨਹੀਂ ਬਣਾਇਆ ਗਿਆ।

ਬਾਦਲ ਨੇ ‘ਆਪ’ ਦੀ ਤੁਲਨਾ ਅੰਗਰੇਜ਼ਾਂ ਤੇ ਮੁਗਲਾਂ ਨਾਲ ਕਰਦਿਆਂ ਕਿਹਾ ਕਿ ਜਿਵੇਂ ਉਹ ਦੇਸ਼ ਦਾ ਖਜ਼ਾਨਾ ਲੁੱਟਦੇ ਸਨ, ਉਸੇ ਤਰ੍ਹਾਂ ਹੁਣ ਕੇਜਰੀਵਾਲ ਦੀ ਪਾਰਟੀ ਪੰਜਾਬ ਨੂੰ ਲੁੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿਚ ਇਸ਼ਤਿਹਾਰਾਂ ’ਤੇ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਖਰਚ ਦਿੱਤੇ ਗਏ ਹਨ, ਜਦਕਿ ਅਕਾਲੀ ਸਰਕਾਰ ਦੌਰਾਨ ਸਾਲਾਨਾ ਬਜਟ ਸਿਰਫ਼ 30 ਕਰੋੜ ਰੁਪਏ ਹੁੰਦਾ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੇ ਅਫ਼ਸਰਾਂ ਦੀਆਂ ਬਦਲੀਆਂ ਵੀ ਦਿੱਲੀ ਤੋਂ ਹੀ ਹੁੰਦੀਆਂ ਹਨ। ਸੁਖਬੀਰ ਨੇ ਕਿਹਾ ਕਿ ‘ਆਪ’ ਦੀਆਂ ਰੈਲੀਆਂ ਵਿਚ ਭੀੜ ਜੁਟਾਉਣ ਲਈ 1600 ਤੋਂ ਵੱਧ ਸਰਕਾਰੀ ਬੱਸਾਂ, ਪਟਵਾਰੀਆਂ ਅਤੇ ਪੰਚਾਇਤ ਸੈਕਟਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਉਨ੍ਹਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਤੰਜ ਕਸਦਿਆਂ ਕਿਹਾ ਕਿ ਜਿਸ ਨੂੰ 12 ਗੁਣਾ 5 ਨਹੀਂ ਪਤਾ, ਉਹ ਸਰਕਾਰ ਕੀ ਚਲਾਏਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ।

ਇਸ ਕਾਨਫਰੰਸ ਦੌਰਾਨ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ, ਅਕਾਲੀ ਆਗੂ ਐੱਨ. ਕੇ. ਸ਼ਰਮਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ , ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਬੌਬੀ ਮਾਨ, ਹਰਪ੍ਰੀਤ ਸਿੰਘ ਕੋਟਭਾਈ, ਜਥੇਦਾਰ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਵਣਵਾਲਾ ਆਦਿ ਸਮੇਤ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।

Read More : ਪੀ.ਆਰ.ਟੀ.ਪੀ.ਡੀ. ਬੋਰਡ ਵੱਲੋਂ ਅਹਿਮ ਮਾਸਟਰ ਪਲਾਨਾਂ ਨੂੰ ਪ੍ਰਵਾਨਗੀ

Leave a Reply

Your email address will not be published. Required fields are marked *