-ਧੂਰੀ ਹਲਕੇ ‘ਚ ਬਣੇ 10 ਆਮ ਆਦਮੀ ਕਲੀਨਿਕਾਂ ‘ਚ 4,31,780 ਮਰੀਜ਼ ਨੇ ਕਰਵਾਇਆ ਇਲਾਜ, 70 ਹਜ਼ਾਰ ਤੋਂ ਵੱਧ ਦੇ ਹੋਏ ਮੁਫ਼ਤ ਟੈੱਸਟ
-ਧੂਰੀ ‘ਚ ਲੋਕਾਂ ਦੀ ਸਹੂਲਤ ਲਈ ਹੋਰ ਤਿੰਨ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ : ਦਲਵੀਰ ਢਿੱਲੋਂ
ਧੂਰੀ, 14 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਸਿਹਤਮੰਦ ਅਤੇ ਬਿਮਾਰੀ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਦਾ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਮਰੀਜ਼ ਲਾਭ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿਖੇ ਚੱਲ ਰਹੇ 10 ਆਮ ਆਦਮੀ ਕਲੀਨਿਕਾਂ ‘ਚ ਹੁਣ ਤੱਕ 4 ਲੱਖ 31 ਹਜ਼ਾਰ 780 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 69 ਹਜ਼ਾਰ 913 ਮਰੀਜ਼ਾਂ ਦੇ ਮੁਫ਼ਤ ਟੈੱਸਟ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ‘ਚ ਕੁਲ 46 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਅਤੇ ਇਨ੍ਹਾਂ ਕਲੀਨਿਕਾਂ ‘ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਦਵਾਈ ਤੇ ਟੈੱਸਟ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਲਈ 107 ਪ੍ਰਕਾਰ ਦੀਆਂ ਦਵਾਈਆਂ ਅਤੇ ਸਾਰੇ ਜ਼ਰੂਰੀ ਟੈੱਸਟ ਮੁਫ਼ਤ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹਰੇਕ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕ ਅਸਿਸਟੈਂਟ ਅਤੇ ਦਰਜਾ ਹੈਲਪਰ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਰਜਿਸਟਰੇਸ਼ਨ, ਦਵਾਈ ਲਿਖਣੀ ਅਤੇ ਦਵਾਈਆਂ ਦੀ ਵੰਡ ਇਨ੍ਹਾਂ ਟੈਬਲਟਸ ਰਾਹੀਂ ਹੀ ਕੀਤੀ ਜਾ ਰਹੀ ਹੈ।
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਧੂਰੀ ਹਲਕੇ ਵਿੱਚ 10 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਇਲਾਕਾ ਨਿਵਾਸੀਆਂ ਦੀ ਮੰਗ ‘ਤੇ 3 ਹੋਰ ਕਲੀਨਿਕ ਖੋਲ੍ਹਣ ਲਈ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਖੁੱਲਣ ਵਾਲੇ ਕਲੀਨਿਕਾਂ ਵਿੱਚ ਪਿੰਡ ਦੀਦਾਰਗੜ੍ਹ, ਦਸਮੇਸ਼ ਨਗਰ ਅਤੇ ਕ੍ਰਾਂਤੀ ਚੌਕ ਨੇੜੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ।
ਸ਼ੇਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੀਪ ਸਿੰਘ ਤੇ ਧੂਰੀ ਦੇ ਸੀਨੀਅਰ ਮੈਡੀਕਲ ਅਫ਼ਸਰ (ਕਾਰਜਕਾਰੀ) ਡਾ. ਨਰਾਇਣ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 3 ਧੂਰੀ ਵਿਖੇ ਬਣੇ ਆਮ ਆਦਮੀ ਕਲੀਨਿਕ ‘ਚ ਹੁਣ ਤੱਕ 65,354 ਮਰੀਜ਼ਾਂ ਦਾ ਇਲਾਜ ਅਤੇ 7504 ਮਰੀਜ਼ਾਂ ਦੇ ਮੁਫ਼ਤ ਟੈੱਸਟ ਕੀਤੇ ਗਏ ਹਨ।
ਇਸੇ ਤਰ੍ਹਾਂ ਭਸੌੜ ਦੇ ਕਲੀਨਿਕ ‘ਚ 48004 ਮਰੀਜ਼ਾਂ ਦਾ ਇਲਾਜ ਤੇ 4907 ਦੇ ਟੈੱਸਟ, ਕਾਂਝਲਾ ਕਲੀਨਿਕ ‘ਚ 46,891 ਮਰੀਜ਼ਾਂ ਦਾ ਇਲਾਜ ਅਤੇ 4907 ਟੈੱਸਟ ਹੋਏ ਹਨ। ਮੁੱਲੋਵਾਲ ਕਲੀਨਿਕ ‘ਚ 25,891 ਮਰੀਜ਼ਾਂ ਦਾ ਇਲਾਜ ਤੇ 8457 ਦੇ ਟੈੱਸਟ, ਯੂ.ਪੀ.ਐਚ.ਸੀ.1 ਧੂਰੀ ਵਿਖੇ 77,359 ਦਾ ਇਲਾਜ ਤੇ 17013 ਦੇ ਟੈੱਸਟ ਹੋਏ ਹਨ। ਪਿੰਡ ਭਲਵਾਨ ਦੇ ਕਲੀਨਿਕ ‘ਚ ਹੁਣ ਤੱਕ 45060 ਨੇ ਇਲਾਜ ਅਤੇ 4509 ਨੇ ਟੈੱਸਟ ਕੀਤੇ ਗਏ ਹਨ।
ਮੀਮਸਾ ਵਿਖੇ 58097 ਨੇ ਇਲਾਜ ਤੇ 7516 ਦੇ ਟੈੱਸਟ ਹੋਏ ਹਨ। ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਰਾਜੋਮਾਜਰਾ ਵਿਖੇ 17699 ਮਰੀਜ਼ਾਂ ਦਾ ਇਲਾਜ ਅਤੇ 7411 ਦੇ ਮੁਫ਼ਤ ਟੈੱਸਟ ਹੋਏ ਹਨ। ਘਨੌਰੀ ਕਲਾਂ ਵਿਖੇ ਬਣੇ ਆਮ ਕਲੀਨਿਕ ‘ਚ 10711 ਮਰੀਜ਼ਾਂ ਦਾ ਇਲਾਜ ਤੇ 5851 ਦੇ ਟੈੱਸਟ ਹੋਏ ਹਨ। ਭੁੱਲਰਹੇੜ੍ਹੀ ਵਿਖੇ ਬਣੇ ਕਲੀਨਿਕ ‘ਚ 10823 ਦਾ ਇਲਾਜ ਤੇ 2932 ਦੇ ਟੈੱਸਟ ਕੀਤੇ ਜਾ ਚੁੱਕੇ ਹਨ।
ਧੂਰੀ ਵਿਖੇ ਬਣੇ ਆਮ ਆਦਮੀ ਕਲੀਨਿਕ ‘ਚ ਦਵਾਈ ਲੈਣ ਆਏ ਪਰਮਜੀਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਏ ਆਮ ਆਦਮੀ ਕਲੀਨਿਕਾਂ ਨੇ ਆਮ ਲੋਕਾਂ ਨੂੰ ਵੱਡਾ ਲਾਭ ਦਿੱਤਾ ਹੈ।
Read More : ਬਟਾਲਾ ਬੰਦ ਦੀ ਕਾਲ ਨੂੰ ਮਿਲਿਆ ਸਮਰਥਨ