Abohar News

ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਅਬੋਹਰ, 11 ਦਸੰਬਰ : ਜ਼ਿਲਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ‘ਚ ਅਦਾਲਤ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਪੂਰੇ ਤਹਿਸੀਲ ਕੰਪਲੈਕਸ ‘ਚ ਦਹਿਸ਼ਤ ਫੈਲ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ।

ਫਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਦੋਸਤ ਸੋਨੂੰ ਅਤੇ ਇੱਕ ਹੋਰ ਵਿਅਕਤੀ ਨਾਲ ਅਸਲਾ ਐਕਟ ਦੇ ਇੱਕ ਮਾਮਲੇ ‘ਚ ਪੇਸ਼ੀ ਭੁਗਤਣ ਆਇਆ ਸੀ, ਜਿਵੇਂ ਹੀ ਉਹ ਅਦਾਲਤ ‘ਚ ਪਹੁੰਚਿਆ ਅਤੇ ਪਾਰਕਿੰਗ ‘ਚ ਦਾਖਲ ਹੋਇਆ, ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਇਹ ਕਤਲ ਦੋ ਗੈਂਗਾਂ ਵਿਚਾਲੇ ਦੁਸ਼ਮਣੀ ਦਾ ਨਤੀਜਾ ਸੀ।

ਐੱਸ. ਐੱਸ. ਪੀ, ਨੇ ਕਿਹਾ ਕਿ ਤਿੰਨ ਹਮਲਾਵਰ ਇੱਕ ਚਿੱਟੇ ਰੰਗ ਦੀ ਕਾਰ ‘ਚ ਆਏ ਸਨ। ਗੋਲੂ ਪੰਡਿਤ ਜ਼ਖਮੀ ਹੋ ਗਿਆ ਅਤੇ ਹਸਪਤਾਲ ‘ਚ ਉਸਦੀ ਮੌਤ ਹੋ ਗਈ। ਪੁਲਿਸ ਟੀਮਾਂ ਹਮਲਾਵਰਾਂ ਦਾ ਪਿੱਛਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੇ ਰਾਊਂਡ ਫਾਇਰ ਕੀਤੇ ਗਏ। ਤਿੰਨ ਹਮਲਾਵਰ ਸਨ, ਪਰ ਸਿਰਫ਼ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ।

ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਕਿਹਾ ਕਿ ਹਮਲਾ ਗੱਗੀ ਲਾਹੌਰੀਆ ਅਤੇ ਉਸਦੇ ਸਾਥੀਆਂ ਨੇ ਕੀਤਾ ਸੀ। ਸੋਨੂੰ ਦੇ ਮੁਤਾਬਕ ਹਮਲਾਵਰਾਂ ਦੀ ਗੋਲੂ ਪੰਡਿਤ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਨ੍ਹਾਂ ਨੇ ਉਸ ‘ਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਤਿੰਨ ਉਸਨੂੰ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ।

ਗੋਲੀਬਾਰੀ ਨਾਲ ਅਦਾਲਤ ਦੇ ਅਹਾਤੇ ‘ਚ ਹੰਗਾਮਾ ਹੋ ਗਿਆ। ਉੱਥੇ ਮੌਜੂਦ ਵਕੀਲ ਪੁਲਿਸ ਨਾਲ ਗੁੱਸੇ ਹੋ ਗਏ ਅਤੇ ਉਨ੍ਹਾਂ ਦੀ ਸੁਰੱਖਿਆ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਅਦਾਲਤ ‘ਚ ਹਾਜ਼ਰ ਹੁੰਦੇ ਹਨ, ਅਤੇ ਉਹ ਖੁਦ ਸੁਰੱਖਿਅਤ ਨਹੀਂ ਹਨ।

Read More : ਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀ

Leave a Reply

Your email address will not be published. Required fields are marked *