ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ
ਮੋਗਾ, 17 ਸਤੰਬਰ : ਜ਼ਿਲਾ ਮੋਗਾ ਵਿਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਹੇਸ਼ਰੀ ਸੰਧੂਆਂ ਵਿਚ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਿੰਡ ਦੇ ਇਕ ਨੌਜਵਾਨ ਧਰਮਪ੍ਰੀਤ ਸਿੰਘ (22) ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਹੈ।
ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਗੁਰਪ੍ਰੀਤ ਸਿੰਘ, ਥਾਣਾ ਮੁਖੀ ਗੁਰਸੇਵਕ ਸਿੰਘ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਧਰਮਪ੍ਰੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ।
ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਦੇ ਬਿਆਨ ਦੇ ਆਧਾਰ ’ਤੇ ਸਦਰ ਪੁਲਸ ਸਟੇਸ਼ਨ ਵਿਚ ਪਿੰਡ ਡਰੋਲੀ ਭਾਈ ਦੇ ਰਹਿਣ ਵਾਲੇ ਲੱਲਾ, ਜੋ ਕਿ ਇਸ ਸਮੇਂ ਮਹੇਸ਼ਰੀ ਸੰਧੂਆ ਵਿਚ ਰਹਿ ਰਿਹਾ ਹੈ, ਨੇ ਦੱਸਿਆ ਕਿ ਉਹ ਹੱਥੀਂ ਮਜ਼ਦੂਰੀ ਕਰਦਾ ਸੀ, ਉਸਦਾ ਪੁੱਤਰ ਧਰਮਪ੍ਰੀਤ ਸਿੰਘ ਵੀ ਮਜ਼ਦੂਰੀ ਕਰਦਾ ਸੀ। ਅੱਜ ਮੇਰਾ ਪੁੱਤਰ ਦੁਪਹਿਰ ਵੇਲੇ ਤਲਵੰਡੀ ਭਾਈ ਤੋਂ ਘਰ ਵਾਪਸ ਆਇਆ।
ਖਾਣਾ ਖਾਣ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਤਲਵੰਡੀ ਭਾਈ ਵਾਪਸ ਕੰਮ ਕਰਨ ਲਈ ਆ ਰਿਹਾ ਸੀ। ਮੇਰਾ ਭਰਾ ਮੇਜਰ ਸਿੰਘ ਅਤੇ ਮੈਂ ਉਸਦੇ ਪਿੱਛੇ-ਪਿੱਛੇ ਜਾ ਰਹੇ ਸੀ। ਜਦੋਂ ਮੇਰਾ ਪੁੱਤਰ ਮਹੇਸ਼ਰੀ ਸੰਧੂਆ ਤੋਂ ਨਿਕਲਿਆ ਤਾਂ ਸੜਕ ’ਤੇ ਬੈਠੇ ਕਥਿਤ ਦੋਸ਼ੀ ਲੱਲਾ ਨੇ ਉਸਨੂੰ ਘੇਰ ਲਿਆ, ਉਸਨੇ ਇਕ ਤੇਜ਼ਧਾਰ ਕੁਹਾੜੀ ਫੜੀ ਹੋਈ ਸੀ ਅਤੇ ਉਸਦੇ ਸਿਰ ’ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਖੂਨ ਨਾਲ ਲਥਪਥ ਡਿੱਗ ਪਿਆ ਪਰ ਮੁਲਜ਼ਮ ਉਸ ’ਤੇ ਵਾਰ-ਵਾਰ ਹਮਲਾ ਕਰਦਾ ਰਿਹਾ ਅਤੇ ਭੱਜ ਗਿਆ। ਜਦੋਂ ਅਸੀਂ ਉਥੇ ਪਹੁੰਚੇ ਤਾਂ ਉਹ ਕੁਝ ਬੋਲ ਨਹੀਂ ਰਿਹਾ ਸੀ ਅਤੇ ਉਸਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
ਉਸ ਨੇ ਕਿਹਾ ਕਿ ਲੱਲਾ ਮੇਰੇ ਬੇਟੇ ’ਤੇ ਸ਼ੱਕ ਕਰਦਾ ਸੀ ਕਿ ਉਸਦੀ ਪਤਨੀ ਦੇ ਉਸ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਹਨ। ਲਗਭਗ ਤਿੰਨ ਮਹੀਨੇ ਪਹਿਲਾਂ, ਲੱਲਾ, ਉਸ ਦੇ ਮਾਮੇ ਦਾ ਪੁੱਤਰ, ਗੁਰਜੰਟ ਸਿੰਘ ਅਤੇ ਉਸਦੇ ਦੋ ਪੁੱਤਰ ਸ਼ਿਕਾਇਤ ਕਰਨ ਲਈ ਸਾਡੇ ਘਰ ਆਏ ਸਨ ਮੇਰੇ ਬੇਟੇ ’ਤੇ ਉਸਨੇ ਇਹ ਦੋਸ਼ ਲਾਇਆ ਸੀ। ਮੇਰਾ ਪੁੱਤਰ ਘਰ ਨਹੀਂ ਸੀ, ਜਿਸ ਲਈ ਮੈਂ ਉਸ ਤੋਂ ਮੁਆਫੀ ਮੰਗੀ ਅਤੇ ਉਹ ਚਲਾ ਗਿਆ।
ਇਸੇ ਦੁਸ਼ਮਣੀ ਕਾਰਨ ਲੱਲਾ ਨੇ ਮੇਰੇ ਪੁੱਤਰ ਦਾ ਤੇਜ਼ਧਾਰ ਕੁਹਾੜੀ ਨਾਲ ਕਤਲ ਕਰ ਦਿੱਤਾ। ਕਥਿਤ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
Read More : ਕੰਚਨ ਕੁਮਾਰੀ ਕਤਲ ਕੇਸ : ਪੁਲਸ ਵੱਲੋਂ ਜਸਪ੍ਰੀਤ ਤੇ ਨਿਮਰਤਜੀਤ ਦਾ ਚਲਾਨ ਪੇਸ਼