ਦੋਸਤਾਂ ਨਾਲ ਗਿਆ ਸੀ ਉੱਤਰਾਖੰਡ
ਭਵਾਨੀਗੜ੍ਹ, 17 ਜੂਨ :– ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਵਿਚ ਪੈਦੇ ਅਜੀਤ ਨਗਰ ’ਚੋਂ ਆਪਣੇ ਦੋਸਤਾਂ ਨਾਲ ਉੱਤਰਾਖੰਡ ਗਏ 17 ਸਾਲਾ ਨੌਜਵਾਨ ਨਾਲ ਇਕ ਦੁਖਾਂਤ ਵਾਪਰ ਗਿਆ। ਹਰਿਦੁਆਰ ਦੇ ਨੇੜੇ ਰੁੜਕੀ ਵਿਖੇ ਇਕ ਘਾਟ ’ਤੇ ਗੰਗਾ ’ਚ ਨਹਾਉਂਦੇ ਸਮੇਂ ਨੌਜਵਾਨ ਨਦੀ ਦੇ ਤੇਜ਼ ਵਹਾਅ ’ਚ ਵਹਿ ਗਿਆ ਅਤੇ ਪਾਣੀ ਵਿਚ ਲਾਪਤਾ ਹੋ ਗਿਆ।
ਘਟਨਾ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਨਦੀ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪਰਿਵਾਰ ਦੇ ਮੈਂਬਰ ਆਪਣੇ ਬੱਚੇ ਦੀ ਭਾਲ ਕਰਨ ’ਚ ਜੁੱਟੇ ਹੋਏ ਹਨ।
ਜਾਣਕਾਰੀ ਅਨੁਸਾਰ ਪੇਂਟ ਦਾ ਕੰਮ ਕਰਦੇ ਅਜੀਤ ਨਗਰ ’ਚ ਰਹਿਣ ਵਾਲੇ ਸਤੇਂਦਰ ਸਿੰਘ ਦਾ ਪੁੱਤਰ ਦੀਪਕ ਕੁਮਾਰ (17) ਲੰਘੀ 15 ਜੂਨ ਨੂੰ ਗੁਆਂਢ ’ਚ ਰਹਿਣ ਵਾਲੇ ਆਪਣੇ ਦੋ ਦੋਸਤਾਂ ਨਾਲ ਉੱਤਰਾਖੰਡ ਦੇ ਰੁੜਕੀ ਸ਼ਹਿਰ ਗਿਆ ਸੀ ਜਿੱਥੇ ਦੀਪਕ ਅਤੇ ਉਸ ਦੇ ਦੋਸਤ ਸੋਮਵਾਰ ਨੂੰ ਰਵਿਦਾਸ ਘਾਟ ’ਤੇ ਗੰਗਾ ’ਚ ਇਸ਼ਨਾਨ ਕਰਨ ਗਏ ਸਨ ਜਿਸ ਦੌਰਾਨ ਨਹਾਉਂਦੇ ਸਮੇਂ ਉਕਤ ਦੀਪਕ ਕੁਮਾਰ ਅਚਾਨਕ ਨਦੀ ਦੇ ਤੇਜ਼ ਵਹਾਅ ’ਚ ਵਹਿ ਗਿਆ ਅਤੇ ਕੁਝ ਹੀ ਪਲਾਂ ’ਚ ਪਾਣੀ ਵਿਚ ਲਾਪਤਾ ਹੋ ਗਿਆ।
ਘਟਨਾ ਸਬੰਧੀ ਪਤਾ ਲੱਗਣ ’ਤੇ ਦੀਪਕ ਦੇ ਪਿਤਾ ਸਤੇਂਦਰ ਸਿੰਘ ਹੋਰਨਾਂ ਲੋਕਾਂ ਨਾਲ ਰੁੜਕੀ ਲਈ ਰਵਾਨਾ ਹੋ ਗਏ ਜਿੱਥੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਦੀਪਕ ਦੀ ਪਾਣੀ ’ਚ ਭਾਲ ਕੀਤੀ ਜਾ ਰਹੀ ਹੈ। ਸਤੇਂਦਰ ਦੇ ਨਾਲ ਗਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤੱਕ ਦੀਪਕ ਕੁਮਾਰ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ।
Read More : ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ