ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਕਈ ਰਾਜਾਂ ’ਚ 150 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ : ਐੱਸ. ਐੱਸ. ਪੀ. ਵਰੁਣ ਸ਼ਰਮਾ
ਪਟਿਆਲਾ, 27 ਅਗਸਤ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਏ. ਟੀ. ਐੱਮ. ਬਦਲ ਕੇ ਪੈਸੇ ਕੱਢਵਾਉਣ ਵਾਲੇ ਅੰਤਰਰਾਜ਼ੀ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ’ਚ ਸੋਨੂੰ ਪੁੱਤਰ ਪੂਰਨ ਸਿੰਘ ਅਤੇ ਅਜੇ ਪੁੱਤਰ ਧਰਮਪਾਲ ਵਾਸੀ ਆਰੇ ਵਾਲੀ ਗਲੀ, ਦੀਦਾਰ ਨਗਰ ਕੁਰੂਕਸ਼ੇਤਰ, ਜ਼ਿਲਾ ਕੁਰੂਕਸ਼ੇਤਰ ਹਰਿਆਣਾ ਸ਼ਾਮਲ ਹਨ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਬੈਂਸ ਅਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਾਜੇਸ਼ ਮਲਹੋਤਰਾ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਉਕਤ ਗ੍ਰਿਫਤਾਰ ਵਿਅਕਤੀਆਂ ਤੋਂ ਵੱਖ-ਵੱਖ ਬੈਂਕਾਂ ਦੇ 184 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ 150 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਲੋਕਾਂ ਦਾ 20 ਲੱਖ ਤੋਂ ਜ਼ਿਆਦਾ ਕੈਸ਼ ਕੱਢਵਾ ਕੇ ਠੱਗੀ ਮਾਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਸਨੌਰੀ ਅੱਡਾ ਪਟਿਆਲਾ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ ਸੋਨੂੰ ਪੁੱਤਰ ਪੂਰਨ ਸਿੰਘ ਅਤੇ ਅਜੇ ਪੁੱਤਰ ਧਰਮਪਾਲ ਵਾਸੀ ਦੀਦਾਰ ਨਗਰ ਕੁਰੂਕਸ਼ੇਤਰ ਬੈਂਕਾਂ ਦੇ ਏ. ਟੀ. ਐੱਮ. ਮਸ਼ੀਨਾਂ ਕੋਲ ਘੁੰਮਦੇ ਰਹਿੰਦੇ ਸਨ। ਜਦੋਂ ਕੋਈ ਵਿਅਕਤੀ ਏ. ਟੀ. ਐੱਮ. ਤੋਂ ਪੈਸੇ ਕੱਢਵਾਉਂਦਾ ਹੈ ਤਾਂ ਇਹ ਵਿਅਕਤੀ ਉਸ ਦੀ ਮਦਦ ਕਰਨ ਦੇ ਬਹਾਨੇ ਹੇਰਾ-ਫੇਰੀ ਅਤੇ ਧੋਖੇ ਨਾਲ ਉਸ ਦਾ ਕਾਰਡ ਬਦਲ ਲੈਂਦੇ ਹਨ ਅਤੇ ਚਾਲਾਕੀ ਨਾਲ ਪਿੰਨ ਨੰਬਰ ਪਤਾ ਕਰ ਲੈਂਦੇ ਹਨ।
ਫਿਰ ਕਿਸੇ ਹੋਰ ਮਸ਼ੀਨ ’ਚ ਹੇਰਾ-ਫੇਰੀ ਨਾਲ ਹਾਸਲ ਕੀਤੇ ਕਾਰਡ ’ਚ ਪੈਸੇ ਕੱਢਵਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਲਾਉਂਦੇ ਹਨ। ਪੁਲਸ ਨੇ ਦੋਨਾਂ ਖਿਲਾਫ 318 (4) 341(2) 61(2) ਬੀ. ਐੱਨ. ਐੱਸ. ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰ ਕੇ ਛੋਟੀ ਨਦੀ ਬੰਨਾ ਰੋਡ ਤੋਂ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 150 ਵਾਰਦਾਤਾਂ ਪੰਜਾਬ, ਚੰਡੀਗੜ੍ਹ, ਹਰਿਆਣਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂ. ਪੀ. ਅਤੇ ਦਿੱਲੀ ਆਦਿ ਥਾਵਾਂ ’ਤੇ ਭੋਲੇ ਭਾਲੇ ਵਿਅਕਤੀਆਂ ਦੇ ਕਾਰਡ ਬਦਲ ਕੇ ਪੈਸੇ ਕੱਢਵਾਉਣ ਦੀਆਂ ਵਾਰਦਾਤਾਂ ਕਰਨਾ ਬਾਰੇ ਮੰਨਿਆ। ਜ਼ਿਆਦਾਤਰ ਟਾਰਗੇਟ ਬਜ਼ੁਰਗ ਵਿਅਕਤੀਆਂ ਅਤੇ ਭੋਲੇ-ਭਾਲੇ ਲੋਕਾਂ ਨੂੰ ਕਰਦੇ ਸੀ।
Read More : ਐਡਵੋਕੇਟ ਧਾਮੀ ਨੇ ਹੜ੍ਹਾਂ ਦੇ ਹਾਲਾਤ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਅਪੀਲ