ਪਿੰਡ ਦਾਖਾ ਦੇ ਨਿਵਾਸੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ; ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਕੀਤਾ ਦਰਜ
ਮੁੱਲਾਂਪੁਰ ਦਾਖਾ, 30 ਮਾਰਚ : ਜ਼ਿਲਾ ਲੁਧਿਆਣਾ ਵਿਚ ਪੈਦੇ ਪੁਲਸ ਥਾਣਾ ਦਾਖਾ ਵਿਖੇ ਸਥਿਤ ਸਾਂਝ ਕੇਂਦਰ ’ਚ ਤਾਇਨਾਤ ਇਕ ਸਿਪਾਹੀ ਮਨਜਿੰਦਰ ਸਿੰਘ ਨੂੰ ਪਾਸਪੋਰਟ ਵੈਰੀਫਿਕੇਸ਼ਨ ਬਦਲੇ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਜਗਤਾਰ ਸਿੰਘ ਵਾਸੀ ਪਿੰਡ ਦਾਖਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਹੋਣੀ ਸੀ। ਇਸ ਕੰਮ ਬਦਲੇ ਸਾਂਝ ਕੇਂਦਰ ’ਚ ਤਾਇਨਾਤ ਸਿਪਾਹੀ ਮਨਜਿੰਦਰ ਸਿੰਘ ਨੇ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਗਤਾਰ ਸਿੰਘ ਨੇ ਇਸ ਸਬੰਧੀ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁਲਜ਼ਮ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਨਿਤੀਸ਼ ਕੁਮਾਰ ਨੇ ਬਿਹਾਰ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਤੋਂ ਦਿੱਤਾ ਅਸਤੀਫ਼ਾ
