ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਜਲੰਧਰ, 7 ਜੁਲਾਈ : ਜ਼ਿਲਾ ਜਲੰਧਰ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਘਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ। ਬੀਤੀ ਅੱਧੀ ਰਾਤ ਨੂੰ ਕਸਬਾ ਆਦਮਪੁਰ ਦੇ ਗਾਂਧੀ ਨਗਰ ਮੁਹੱਲੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਬੰਬ ਸੁੱਟਿਆਸ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਦੇ ਅੰਦਰ ਅਤੇ ਬਾਹਰ ਬਹੁਤ ਨੁਕਸਾਨ ਹੋਇਆ। ਇਸ ਦੌਰਾਨ ਆਦਮਪੁਰ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਦਮਪੁਰ ਥਾਣੇ ਦੇ ਐੱਸ. ਐੱਚ. ਓ. ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ 12 ਵਜੇ ਦੇ ਕਰੀਬ ਵਾਪਰੀ ਹੈ। ਘਰ ਦੇ ਮਾਲਕ ਹੰਸਰਾਜ ਦੀ ਪਤਨੀ ਪਰਮਿੰਦਰ ਕੌਰ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦਾ ਪੁੱਤਰ ਅਤੇ ਧੀ ਵਿਦੇਸ਼ ਵਿਚ ਰਹਿੰਦੇ ਹਨ ਅਤੇ ਉਹ ਆਪਣੇ ਛੋਟੇ ਪੁੱਤਰ ਸੁਮਿਤ ਕੁਮਾਰ ਨਾਲ ਇਸ ਘਰ ਵਿਚ ਰਹਿੰਦੀ ਹੈ।
ਹੰਸਰਾਜ ਦੇ ਅਨੁਸਾਰ ਜਦੋਂ ਪਰਿਵਾਰਕ ਮੈਂਬਰ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਕੱਚ ਦੇ ਟੁਕੜੇ ਖਿੰਡੇ ਹੋਏ ਸਨ ਅਤੇ ਮੁੱਖ ਗੇਟ ‘ਤੇ ਅੱਗ ਲੱਗਣ ਦੇ ਨਿਸ਼ਾਨ ਸਨ। ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਜਾਂਚ ਲਈ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ।
ਕੈਮਰਿਆਂ ਵਿਚ ਸਾਫ਼ ਦਿਖਾਈ ਦਿੱਤਾ ਕਿ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਘਰ ‘ਤੇ ਪੈਟਰੋਲ ਬੰਬ ਸੁੱਟ ਕੇ ਭੱਜ ਗਏ। ਐੱਸ. ਐੱਚ. ਓ. ਹਰਦੇਵ ਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਡਾਇਰੀਆ ਨਾਲ 2 ਮੌਤਾਂ ; 60 ਤੋਂ ਵਧ ਬਿਮਾਰ