ਫਾਜ਼ਿਲਕਾ, 4 ਅਕਤੂਬਰ : ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਪਿੱਛਲੇ ਚਾਰ ਪੰਜ ਦਿਨਾਂ ਤੋਂ ਫਾਜ਼ਿਲਕਾ-ਅਬੋਹਰ ਵਿਖੇ ਵੱਖ-ਵੱਖ ਗੈਗਸ਼ਟਰਾਂ ਦੇ ਨਾਂ ’ਤੇ ਫਰੌਤੀਆਂ ਮੰਗਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ।
ਸ਼ਨੀਵਾਰ ਬਾਅਦ ਦੁਪਹਿਰ ਸਥਾਨਕ ਐੱਸ. ਐੱਸ. ਪੀ. ਦਫਤਰ ਵਿਖੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪਿੱਛਲੇ ਚਾਰ-ਪੰਜ ਦਿਨਾਂ ਤੋਂ ਅਬੋਹਰ-ਫਾਜ਼ਿਲਕਾ ਦੇ ਦੁਕਾਨਦਾਰਾਂ, ਵਪਾਰੀਆਂ ਤੋਂ ਫੋਨ ਕਾਲ ਰਾਹੀਂ ਫਰੌਤੀ ਮੰਗੀ ਜਾ ਰਹੀ ਸੀ। ਇਸ ’ਤੇ ਉਨ੍ਹਾਂ ਨੇ ਐੱਸ. ਐੱਚ. ਓ., ਡੀ. ਐੱਸ. ਪੀ. ਅਤੇ ਸੀ. ਆਈ. ਏ. ਸਟਾਫ ਅਬੋਹਰ ਅਤੇ ਡੀ. ਐੱਸ. ਪੀ. ਡੀ. ਦੀ ਚਾਰ ਮੈਂਬਰੀ ਕਮੇਟੀ ਬਣਾਈ ਸੀ।
ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਵਿਜੈ ਕੁਮਾਰ ਵਾਸੀ ਅਬੋਹਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ 21 ਸਤੰਬਰ ਤੋਂ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਅਣਪਛਾਤੇ ਵਿਅਕਤੀ ਫੋਨ ਕਰ ਕੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਦੱਸ ਕੇ ਫਰੌਤੀ ਦੀ ਮੰਗ ਕਰ ਰਿਹਾ ਸੀ ਅਤੇ ਫਰੌਤੀ ਦੀ ਰਕਮ ਨਾ ਦੇਣ ਦੀ ਸੂਰਤ ’ਚ ਸ਼ੂਟਰ ਭੇਜ ਕੇ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ।
ਇਸ ਤੋਂ ਇਲਾਵਾ ਉਕਤ ਵਿਅਕਤੀ ਨੇ ਜਗਦੰਬਾ ਫਾਸਟ ਫੂਡ ਫਾਜ਼ਿਲਕਾ ਤੋਂ 25 ਲੱਖ ਅਤੇ ਅਬੋਹਰ ਹੋਰ ਵਿਅਕਤੀਆਂ ਤੋਂ 35 ਲੱਖ ਦੀ ਫਰੌਤੀ ਮੰਗੀ ਸੀ। ਇਸ ਸਬੰਧੀ ਪੁਲਸ ਨੇ ਅਬੋਹਰ ਅਤੇ ਫਾਜ਼ਿਲਕਾ ’ਚ ਮੁਕੱਦਮੇ ਵੀ ਦਰਜ ਕੀਤੇ ਸਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਦੌਰਾਨ ਫਾਜ਼ਿਲਕਾ ਪੁਲਸ ਨੇ ਟੈਕਨੀਕਲ ਸਮਝਦਾਰੀ ਦੀ ਵਰਤੋਂ ਕਰਦੇ ਹੋਏ ਸੋਨੂੰ ਸੋਨੀ ਵਾਸੀ ਅਬੋਹਰ ਨੂੰ ਕਪਾਹ ਮੰਡੀ ਅਬੋਹਰ ਤੋਂ ਕਾਬੂ ਕਰ ਲਿਆ। ਗ੍ਰਿਫਤਾਰੀ ਦੌਰਾਨ ਸੋਨੂੰ ਸੋਨੀ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ 52 ਸਾਲਾ ਇਸ ਵਿਅਕਤੀ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਇਸ ਦਾ ਪੁਲਸ ਰਿਮਾਂਡ ਲੈ ਕੇ ਇਸ ਦੀ ਨੈਟਵਰਕਿੰਗ, ਬੈਂਕ ਅਕਾਊਂਟ ਆਦਿ ਦੀ ਜਾਂਚ ਕੀਤੀ ਜਾਵੇਗੀ।
Read More : ਸਿਹਤ ਮੰਤਰੀ ਤੇ ਸਾਹਨੀ ਵੱਲੋਂ ਮਾਡਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ