ਸੰਗਰੂਰ, 22 ਦਸੰਬਰ : ਜ਼ਿਲਾ ਸੰਗਰੂਰ ਵਿਚ ਪੈਂਦੇ ਪਿੰਡ ਝਨੇੜੀ ਵਿਖੇ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।
ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਘਰਾਚੋਂ ਦੇ ਹੈੱਡ ਕਾਂਸਟੇਬਲ ਜੈਬਰਾਨੰਦ ਨੇ ਦੱਸਿਆ ਕਿ ਮ੍ਰਿਤਕ ਸਿਤਾਰ ਮੁਹੰਮਦ ਦੇ ਛੋਟੇ ਭਰਾ ਯਾਕਿਰ ਖਾਨ ਪੁੱਤਰ ਮੁਹੰਮਦ ਸਦੀਕ ਵਾਸੀ ਪਿੰਡ ਝਨੇੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਵੱਡਾ ਭਰਾ ਸਿਤਾਰ ਮੁਹੰਮਦ (62) ਜੋ ਕਿ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਜੋ ਕਰਜ਼ੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਉਨ੍ਹਾਂ ਦੱਸਿਆ ਇਸੇ ਪ੍ਰੇਸ਼ਾਨੀ ਕਾਰਨ ਅੱਜ ਸਵੇਰੇ ਜਦੋਂ ਉਸ ਦਾ ਭਰਾ ਘਰੋਂ ਸੈਰ ਕਰਨ ਲਈ ਪਿੰਡ ਤੋਂ ਪਿੰਡ ਬਟਰਿਆਣਾ ਨੂੰ ਜਾਂਦੀ ਸੜਕ ਵੱਲ ਗਿਆ ਤਾਂ ਉਥੇ ਉਸ ਨੇ ਆਪਣੇ ਪਰਨੇ ਨਾਲ ਸੜਕ ਕੰਢੇ ਇਕ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਸਿਤਾਰ ਮੁਹੰਮਦ ਦੀ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਤਾਂ ਉਨ੍ਹਾਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਂਦਿਆਂ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
Read More : ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਮੋਹਿੰਦਰ ਭਗਤ
