ਵਾਲ-ਵਾਲ ਬਚਿਆ ਚਾਲਕ
ਗੁਰਦਾਸਪੁਰ, 20 ਜੁਲਾਈ :-ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਪਿੰਡ ਬਥਵਾਲਾ ਨੇੜੇ ਅੱਜ ਸ਼ਾਮ ਵੇਲੇ ਇਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਹੈ, ਜਦੋਂ ਕਿ ਚਾਲਕ ਵਾਲ-ਵਾਲ ਬਚ ਗਿਆ।
ਜਾਣਕਾਰੀ ਦਿੰਦੇ ਹੋਏ ਪਿੰਡ ਹੱਲਾ ਦੇ ਵਸਨੀਕ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਵੋਕਸ ਵੈਗਨ ਕੰਪਨੀ ਦੀ ਕਾਰ ਲੈ ਕੇ ਗੁਰਦਾਸਪੁਰ ਸਾਈਡ ਨੂੰ ਜਾ ਰਿਹਾ ਸੀ। ਇਸ ਦੌਰਾਨ ਅਜੇ ਆਪਣੇ ਪਿੰਡ ਤੋਂ ਥੋੜਾ ਦੂਰ ਹੀ ਗਿਆ ਸੀ ਕਿ ਕਾਰ ਦੇ ਅੰਦਰ ਅਚਾਨਕ ਧੂੰਆਂ ਮਹਿਸੂਸ ਹੋਇਆ, ਜਿਸ ਕਾਰਨ ਉਸ ਨੇ ਜਦੋਂ ਕਾਰ ਰੋਕ ਕੇ ਉਸ ਦਾ ਬੋਨਟ ਖੋਲ੍ਹਿਆ ਤਾਂ ਅਚਾਨਕ ਅੱਗ ਦਾ ਭਾਂਬੜ ਮੱਚ ਗਿਆ। ਉਸ ਨੇ ਬਹੁਤ ਮੁਸ਼ਕਲ ਨਾਲ ਦੌੜ ਕੇ ਆਪਣੀ ਜਾਨ ਬਚਾਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਕੁਝ ਹੀ ਮਿੰਟਾਂ ’ਚ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਵਿਚ ਪਹੁੰਚ ਗਏ ਅਤੇ ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ।
ਉਸਨੇ ਦੱਸਿਆ ਕਿ ਪਹਿਲਾਂ ਵੀ ਕਾਰ ’ਚ ਦੋ ਵਾਰ ਖਰਾਬੀ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਕਾਰ ਨੂੰ ਰਿਪੇਅਰ ਕਰਵਾਇਆ ਸੀ ਪਰ ਅੱਜ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Read More : ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ, ਬੱਚਾ ਜ਼ਖਮੀ
