ਅਬੋਹਰ ਪੁਲਸ ਨੇ ਪਛਾਣ ਲੁਕਾ ਕੇ ਜੂਸ ਫੈਕਟਰੀ ’ਚ ਕੰਮ ਕਰ ਰਹੇ ਦੋਸ਼ੀ ਸੰਦੀਪ ਤੋਮਰ ਨੂੰ ਚਾਰ ਸਾਲ ਬਾਅਦ ਦਬੋਚਿਆ
ਅਬੋਹਰ, 29 ਮਾਰਚ : ਸਿਟੀ ਪੁਲਸ ਸਟੇਸ਼ਨ ਨੰਬਰ 1 ਦੀ ਪੁਲਸ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਮੁਅੱਤਲ ਫੌਜੀ ਕੈਪਟਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਪਣੀ ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਫਰਾਰ ਹੋ ਗਿਆ ਸੀ। ਦੋਸ਼ੀ ਪਿਛਲੇ ਚਾਰ ਸਾਲਾਂ ਤੋਂ ਇਕ ਜੂਸ ਦੀ ਫੈਕਟਰੀ ’ਚ ਇੰਚਾਰਜ ਵਜੋਂ ਕੰਮ ਕਰ ਰਿਹਾ ਸੀ ਅਤੇ ਆਪਣੀ ਪਛਾਣ ਲੁਕਾਉਂਦਾ ਰਿਹਾ ਸੀ।
ਪੁਲਸ ਅਨੁਸਾਰ ਕਾਨਪੁਰ ਦਾ ਰਹਿਣ ਵਾਲਾ ਸੰਦੀਪ ਤੋਮਰ ਅਬੋਹਰ ਛਾਉਣੀ ’ਚ ਕੈਪਟਨ ਵਜੋਂ ਤਾਇਨਾਤ ਸੀ। 2013 ’ਚ ਉਸ ਦੀ ਪਤਨੀ ਸ਼ਵੇਤਾ ਸਿੰਘ ਦੀ ਮੌਤ ਫਾਂਸੀ ਲਗਾ ਕੇ ਹੋ ਗਈ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਸੰਦੀਪ ਅਤੇ ਉਸ ਦੇ ਮਾਪਿਆਂ ਵਿਰੁੱਧ ਦਾਜ ਲਈ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮੁਕੱਦਮੇ ਦੌਰਾਨ 23 ਸਤੰਬਰ 2022 ਨੂੰ ਅਦਾਲਤ ਨੇ ਸੰਦੀਪ ਨੂੰ ਆਪਣੀ ਪਤਨੀ ਦੇ ਕਤਲ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਸ ਤੋਂ ਬਚਣ ਲਈ ਉਸ ਨੇ ਆਪਣੀ ਪਛਾਣ ਬਦਲ ਲਈ ਅਤੇ ਛਿੰਦਵਾੜਾ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੱਗਭਗ ਚਾਰ ਸਾਲਾਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਬੋਹਰ ਲਿਆਂਦਾ ਹੈ। ਹੁਣ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Read More : ਬਰਨਾਲਾ ‘ਚ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ; 3 ਮਜ਼ਦੂਰਾਂ ਦੀ ਮੌਤ
