ਗੋਲਡੀ ਬਰਾੜ

ਗੋਲਡੀ ਬਰਾੜ ਦੇ ਨਾਂ ’ਤੇ NRI ਪਰਿਵਾਰ ਤੋਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰ

ਕੈਨੇਡਾ ਤੋਂ ਆਏ ਟਰਾਂਸਪੋਰਟਰ ਨੇ ਟੈਕਸੀ ਡਰਾਈਵਰ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼, ਅੰਤਰਰਾਸ਼ਟਰੀ ਈ-ਸਿਮ ਰਾਹੀਂ ਦਿੱਤੀਆਂ ਧਮਕੀਆਂ

ਜਲੰਧਰ, 29 ਮਾਰਚ : ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਹੇਠ ਜਲੰਧਰ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਉਨ੍ਹਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪਿੰਡ ਸ਼ੰਕਰ ਦੇ ਇਕ NRI ਬਜ਼ੁਰਗ ਜੋੜੇ ਤੋਂ ਗੋਲਡੀ ਬਰਾੜ ਗੈਂਗ ਦੇ ਨਾਂ ’ਤੇ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ। ਇਸ ਵਿਸ਼ੇਸ਼ ਟੀਮ ਦੀ ਅਗਵਾਈ ਐੱਸ.ਪੀ. (ਡੀ) ਵਿਨੀਤ ਅਹਿਲਾਵਤ, ਡੀ.ਐੱਸ.ਪੀ. ਓਂਕਾਰ ਸਿੰਘ ਬਰਾੜ ਅਤੇ ਡੀ.ਐੱਸ.ਪੀ. ਇੰਦਰਜੀਤ ਸਿੰਘ ਨੇ ਕੀਤੀ।

ਐੱਸ.ਪੀ. (ਡੀ) ਵਿਨੀਤ ਅਹਿਲਾਵਤ ਨੇ ਦੱਸਿਆ ਕਿ 21 ਮਾਰਚ ਨੂੰ ਪਿੰਡ ਸ਼ੰਕਰ ਦੀ ਨਿਵਾਸੀ ਬਲਜਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਇਕ ਅਣਪਛਾਤੇ ਨੰਬਰ ਤੋਂ ਉਨ੍ਹਾਂ ਦੇ ਪਤੀ ਨੂੰ ਫ਼ੋਨ ਕਰਕੇ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਵਿਦੇਸ਼ ਰਹਿੰਦੇ ਬੇਟੇ ਰਣਜੀਤ ਸਿੰਘ ਨੂੰ ਵੀ ਵ੍ਹਟਸਐਪ ’ਤੇ ਧਮਕੀ ਮਿਲੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਘਰ ’ਤੇ ਫਾਇਰਿੰਗ ਕੀਤੀ ਜਾਵੇਗੀ।

ਜਾਂਚ ਦੌਰਾਨ ਪੁਲਸ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਮੁਲਜ਼ਮ ਤੀਰਥ ਸਿੰਘ (ਵਾਸੀ ਬਹਾਦਰਪੁਰ) ਅਤੇ ਟੈਕਸੀ ਡਰਾਈਵਰ ਜੱਸਨਦੀਪ ਸਿੰਘ ਉਰਫ਼ ਜੱਸਨ (ਵਾਸੀ ਧਰਮਕੋਟ) ਨੂੰ ਕਾਬੂ ਕਰ ਲਿਆ।

ਪੁਲਸ ਅਨੁਸਾਰ ਤੀਰਥ ਸਿੰਘ ਕੈਨੇਡਾ ’ਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ ਅਤੇ ਫਰਵਰੀ ’ਚ ਭਾਰਤ ਆਇਆ ਸੀ। ਉਸ ਨੇ ਪੀੜਤ ਪਰਿਵਾਰ ਦੀ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਜੱਸਨਦੀਪ ਨੂੰ ਦਿੱਤੀ ਸੀ। ਜਸਨਦੀਪ ਨੇ ਅੰਤਰਰਾਸ਼ਟਰੀ ਈ-ਸਿਮ ਦੀ ਵਰਤੋਂ ਕਰਕੇ ਆਪਣੇ ਘਰੋਂ ਹੀ ਧਮਕੀਆਂ ਭਰੇ ਮੈਸੇਜ ਅਤੇ ਕਾਲਾਂ ਕੀਤੀਆਂ ਸਨ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

Read More : ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ

Leave a Reply

Your email address will not be published. Required fields are marked *