ਮਾਨਸਾ, 19 ਅਕਤੂਬਰ : ਮਾਨਸਾ ਜ਼ਿਲੇ ਦੇ ਪਿੰਡ ਮੂਸਾ ਵਿਚ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਸ਼ਨੀਵਾਰ ਸਵੇਰੇ 10 ਵਜੇ ਇਕ ਨੌਜਵਾਨ ਨੇ ਦਿੱਤਾ, ਜੋ ਮ੍ਰਿਤਕ ਦਾ ਗੁਆਂਢੀ ਸੀ।
ਹਮਲਾਵਰ ਨੇ ਨੌਜਵਾਨ ’ਤੇ ਕੁਹਾੜੀ ਨਾਲ ਵਾਰ ਕੀਤਾ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣੇ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮੂਸਾ ਪਿੰਡ ਦੇ ਵਸਨੀਕ ਕੇਵਲ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ (30) ਪੁੱਤਰ ਬਿੱਕਰ ਸਿੰਘ ਆਪਣੇ ਘਰ ਦੇ ਬਾਹਰ ਬੈਠਾ ਸੀ ਕਿ ਅਚਾਨਕ ਇਕ ਨੌਜਵਾਨ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਮੁਲਜ਼ਮ ਮੌਕੇ ਤੋਂ ਭੱਜ ਗਿਆ।
ਜ਼ਖਮੀ ਗਗਨਦੀਪ ਸਿੰਘ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰੀਬੀ ਦੋਸਤ ਸਨ ਅਤੇ ਅਕਸਰ ਇਕ-ਦੂਜੇ ਦੇ ਘਰ ਆਉਂਦੇ ਰਹਿੰਦੇ ਸਨ।
ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਸਦਰ ਮਾਨਸਾ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
Read More : ਬਦਮਾਸ਼ਾਂ ਨੇ ਫਿਰੌਤੀ ਲਈ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂ