ਦੇਹਰਾਦੂਨ, 23 ਅਗਸਤ : ਉਤਰਾਖੰਡ ’ਚ ਮੀਂਹ ਕਾਰਨ ਹੋਏ ਨੁਕਸਾਨ ਦੀ ਲੜੀ ਜਾਰੀ ਹੈ। ਬੀਤੀ ਅੱਧੀ ਰਾਤ ਤੋਂ ਬਾਅਦ ਜ਼ਿਲਾ ਚਮੋਲੀ ਦੇ ਥਰਾਲੀ ਕਸਬੇ ’ਚ ਬੱਦਲ ਫਟਣ ਕਾਰਨ ਹਿਸੀਲ ਹੈੱਡਕੁਆਰਟਰ ਥਰਾਲੀ ਬਾਜ਼ਾਰ ਕੇਦਾਰਬਾਗ, ਰਾਦੀਬਗੜ੍ਹ, ਚੇਪਡਨ ’ਚ ਭਾਰੀ ਨੁਕਸਾਨ ਦੀ ਖ਼ਬਰ ਹੈ। ਇਸ ਦੌਰਾਨ ਇਕ ਔਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਵੀ ਖ਼ਬਰ ਹੈ।
ਪੁਲਿਸ-ਪ੍ਰਸ਼ਾਸਨ ਦੀ ਟੀਮ ਬਚਾਅ ਅਤੇ ਰਾਹਤ ਕਾਰਜਾਂ ’ਚ ਲੱਗੀ ਹੋਈ ਹੈ। ਮਲਬੇ ਹੇਠ ਦੱਬੇ ਹੋਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ। ਜ਼ਿਲਾ ਆਫ਼ਤ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਰਾਲੀ ਕਸਬੇ ’ਚ ਰਾਤ ਨੂੰ ਲਗਭਗ 1 ਵਜੇ ਭਾਰੀ ਮੀਂਹ ਦੌਰਾਨ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਪਾਣੀ ਅਤੇ ਮਲਬਾ ਤੇਜ਼ ਵਹਾਅ ਨਾਲ ਆਇਆ ਅਤੇ ਸ਼ਹਿਰ ਦੀਆਂ ਕਈ ਰਿਹਾਇਸ਼ੀ ਇਮਾਰਤਾਂ ’ਚ ਵੜ ਗਿਆ। ਸੜਕਾਂ ਛੱਪੜ ਬਣ ਗਈਆਂ। ਐੱਸ. ਡੀ. ਐੱਮ. ਥਰਾਲੀ ਦੀ ਰਿਹਾਇਸ਼ ਅਤੇ ਤਹਿਸੀਲ ਦਾ ਅਹਾਤਾ ਵੀ ਮਲਬੇ ਨਾਲ ਭਰ ਗਿਆ। ਤਹਿਸੀਲ ਅਹਾਤੇ ’ਚ ਖੜ੍ਹੇ ਕੁਝ ਵਾਹਨ ਮਲਬੇ ਹੇਠ ਦੱਬ ਗਏ।
ਇਸੇ ਸਮੇਂ ਸ਼ਹਿਰ ਦੇ ਨੇੜੇ ਸਥਿਤ ਸਗਵਾੜਾ ਪਿੰਡ ’ਚ ਇਕ ਛੋਟੀ ਕੁੜੀ ਮਲਬੇ ਹੇਠ ਦੱਬ ਗਈ। ਇਸ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਫੈਲ ਗਈ। ਲੋਕ ਰੌਲਾ ਪਾਉਂਦੇ ਹੋਏ ਆਪਣੇ ਘਰਾਂ ਤੋਂ ਬਾਹਰ ਭੱਜੇ।
ਬਲਾਕ ਪ੍ਰਮੁੱਖ ਥਰਾਲੀ ਪ੍ਰਵੀਨ ਪੁਰੋਹਿਤ ਨੇ ਕਿਹਾ ਕਿ ਤਿੰਨ ਥਾਵਾਂ ‘ਤੇ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਨਗਰ ਪੰਚਾਇਤ ਥਰਾਲੀ ਦੀ ਪ੍ਰਧਾਨ ਸੁਨੀਤਾ ਰਾਵਤ ਦੇ ਘਰ ਨੇੜੇ 10 ਤੋਂ 12 ਫੁੱਟ ਮਲਬਾ ਭਰ ਗਿਆ ਹੈ। ਐੱਸ. ਡੀ. ਐੱਮ. ਨਿਵਾਸ ਦੀ ਕੰਧ ਵੀ ਟੁੱਟ ਗਈ ਹੈ। ਥਰਾਲੀ ਬਾਜ਼ਾਰ ਤੋਂ 20 ਤੋਂ 40 ਮੀਟਰ ਪਹਿਲਾਂ ਕਈ ਦੁਕਾਨਾਂ ਵਹਿ ਗਈਆਂ ਹਨ।
ਜ਼ਿਲਾ ਮੈਜਿਸਟ੍ਰੇਟ ਡਾ. ਸੰਦੀਪ ਤਿਵਾੜੀ ਨੇ ਕਿਹਾ ਕਿ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਰਾਦਿਬਗੜ੍ਹ, ਸਗਵਾੜਾ ਅਤੇ ਕੋਟਦੀਪ ’ਚ ਜ਼ਮੀਨ ਖਿਸਕਣ ਦਾ ਮਲਬਾ ਘਰਾਂ ਵਿਚ ਵੜ ਗਿਆ ਹੈ। ਮਲਬੇ ਹੇਠ ਵਾਹਨ ਵੀ ਦੱਬੇ ਹੋਏ ਹਨ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਤਹਿਸੀਲ ਪ੍ਰਸ਼ਾਸਨ ਅਤੇ ਪੁਲਿਸ ਬਚਾਅ ਕਾਰਜਾਂ ’ਚ ਲੱਗੀ ਹੋਈ ਹੈ। ਇਕ ਲੜਕੀ ਲਾਪਤਾ ਹੈ।
Read More : ਪੀ. ਯੂ. ਵੱਲੋਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ