ਨਸ਼ੇੜੀ ਪਤੀ-ਪਤਨੀ ਵੱਲੋਂ ਆਪਣਾ ਬੱਚਾ ਵੇਚਣ ਦਾ ਮਾਮਲਾ
ਬੁਢਲਾਡਾ, 25 ਅਕਤੂਬਰ : ਨਸ਼ੇ ਦੀ ਪੂਰਤੀ ਲਈ ਪਤੀ-ਪਤਨੀ ਨੇ ਚਿੱਟੇ ਦੀ ਖਾਤਰ ਆਪਣੇ 6 ਮਹੀਨਿਆਂ ਦਾ ਜਿਗਰ ਦਾ ਟੁਕੜਾ ਵੇਚ ਦਿੱਤਾ ਸੀ, ਜਿੱਥੇ ਬੱਚੇ ਦੀ ਮਾਸੀ ਰੀਤੂ ਵਰਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਬੱਚੇ ਦੀ ਸਮੱਗਲਿੰਗ ਕਰਨ ਵਾਲੇ ਦੋਵੇਂ ਮਾਪੇ ਖਰੀਦਣ ਅਤੇ ਵੇਚਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਬੱਚੇ ਨੂੰ ਆਨੰਤ ਆਸ਼ਰਮ ’ਚ ਦਾਖਲ ਕਰਵਾ ਦਿੱਤਾ।
ਜਾਣਕਾਰੀ ਅਨੁਸਾਰ ਮਾਸੀ ਰੀਤੂ ਵਰਮਾ ਨੂੰ ਜਦੋਂ ਇਸ ਸਬੰਧੀ ਪਤਾ ਲੱਗਿਆ ਤਾਂ ਉਹ ਆਪਣੀ ਭੈਣ ਗੁਰਮਨ ਕੌਰ ਅਤੇ ਜੀਜੇ ਸੰਦੀਪ ਸਿੰਘ ਕੋਲ ਪਿੰਡ ਖੁਡਾਲ ਕਲਾਂ ਪਹੁੰਚ ਕੇ ਬੱਚੇ ਬਾਰੇ ਪੁੱਛਿਆ ਤਾਂ ਉਹ ਕੁਝ ਜਵਾਬ ਨਾ ਦੇ ਸਕੇ। ਦਬਾਅ ਪਾਉਣ ’ਤੇ ਜਦੋਂ ਉਨ੍ਹਾਂ ਦੱਸਿਆ ਕਿ ਘਰ ਦੀ ਆਰਿਥਕ ਹਾਲਤ ਔਖੀ ਹੋਣ ਕਾਰਨ ਅਸੀਂ ਆਪਣਾ ਬੱਚਾ ਸੰਜੂ ਅਤੇ ਪਤਨੀ ਆਰਤੀ ਨੂੰ ਬੁਢਲਾਡਾ ਵਿਖੇ 1 ਲੱਖ 80 ਹਜ਼ਾਰ ’ਚ ਵੇਚ ਦਿੱਤਾ ਹੈ ਅਤੇ ਉਨ੍ਹਾਂ ਨਾਲ ਇਕਰਾਰਨਾਮਾ ਬਾਬਤ ਗੋਦਨਾਮਾ ਲਿਖ ਲਿਆ ਹੈ।
ਇਸ ਸਬੰਧੀ ਰੀਤੂ ਵਰਮਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੇਰੀ ਭੈਣ ਗੁਰਮਨ ਅਤੇ ਜੀਜੇ ਸੰਦੀਪ ਸਿੰਘ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਸੰਜੂ ਤੇ ਅਾਰਤੀ ਨੇ ਬੱਚਾ ਮੁੱਲ ਖਰੀਦਿਆ।
ਪੁਲਸ ਨੇ ਬੱਚਾ ਖਰੀਦਣ ਅਤੇ ਵੇਚਣ ਵਾਲੇ ਮਾਪਿਆਂ ਖਿਲਾਫ ਮਾਮਲਾ ਦਰਜ ਕਰ ਕੇ ਬੱਚੇ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਗੁਰਮਨ ਕੌਰ ਅਤੇ ਖਰੀਦਣ ਵਾਲੇ ਸੰਜੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਪੁਲਸ ਰਿਮਾਂਡ ’ਚ ਭੇਜ ਦਿੱਤਾ ਗਿਆ ਹੈ।
ਉਧਰ ਦੂਜੇ ਪਾਸੇ ਇਸ ਮਾਮਲੇ ਸਬੰਧੀ ‘ਜਗ ਬਾਣੀ’ ਅਤੇ ਸ਼ੋਸ਼ਲ ਮੀਡੀਆ ’ਚ ਵਾਇਰਲ ਹੋਈ ਖਬਰ ਤੋਂ ਬਾਅਦ ਪੰਜਾਬ ਦੀ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਤੇ ਡੀ. ਸੀ. ਨਵਜੋਤ ਕੌਰ ਮਾਨਸਾ ਦੇ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਇਸ ਬੱਚੇ ਦਾ ਰੈਸਕਿਊ (ਭਾਲ) ਕਰਨ ਲਈ ਜ਼ਿਲਾ ਬਾਲ ਸੁਰੱਖਿਆ ਅਫਸਰ ਨੂੰ ਹਦਾਇਤ ਕੀਤੀ ਗਈ, ਜਿੱਥੇ ਸੀ. ਡੀ. ਪੀ. ਓ. ਹਰਜਿੰਦਰ ਕੌਰ ਨੇ ਸੀ. ਡਬਲਯੂ. ਸੀ. ਕਮੇਟੀ ਦੀ ਸਹਿਯੋਗ ਨਾਲ ਬੱਚੇ ਦੀ ਭਾਲ ਕਰ ਲਈ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਜਿੱਥੇ ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਬਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੱਚਾ ਸੌਂਪ ਦਿੱਤਾ।
ਵਿਭਾਗ ਨੇ ਇਹ ਬੱਚਾ ਆਨੰਤ ਆਸ਼ਰਮ ਨਥਾਣਾ (ਬਠਿੰਡਾ) ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਬੱਚੇ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ, ਜਿਸ ਦੀ ਨਿਗਰਾਨ ਜ਼ਿਲਾ ਪ੍ਰੋਗਰਾਮ ਅਫਸਰ ਖੁਸ਼ਬੀਰ ਕੌਰ ਕਰ ਰਹੀ ਹੈ, ਜਿੱਥੇ ਬੱਚੇ ਨੂੰ ਮਾਂ ਵਰਗਾ ਮਾਹੌਲ ਦੇ ਕੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
Read More : ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗੀ ਪੰਜਾਬ ਸਰਕਾਰ : ਮੰਤਰੀ ਬੈਂਸ
