ਕੈਂਟਰ

ਕੰਧ ਪਾੜ ਕੇ ਦੁਕਾਨਾਂ ’ਚ ਜਾ ਵੜਿਆ ਆਲੂਆਂ ਨਾਲ ਲੱਦਿਆ ਕੈਂਟਰ

ਤੰਗ ਸੜਕ ਤੇ ਟੇਢਾ ਮੋੜ ਬਣਿਆ ਹਾਦਸੇ ਦਾ ਕਾਰਨ

ਗੁਰਦਾਸਪੁਰ, 5 ਜਨਵਰੀ : ਮੁਕੇਰੀਆ–ਗੁਰਦਾਸਪੁਰ ਮੁੱਖ ਮਾਰਗ ’ਤੇ ਆਵਾਜਾਈ ਦਾ ਦਬਾਅ ਅਤੇ ਸੜਕ ਤੰਗ ਹੋਣ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਰ ਰਾਤ ਨਵਾਂ ਸ਼ਾਲਾ ਬਾਜ਼ਾਰ ’ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਆਲੂਆਂ ਨਾਲ ਲੱਦਿਆ ਇਕ ਲੇਲੈਂਡ ਕੈਂਟਰ ਟਰੱਕ ਕੰਧ ਪਾੜਦਾ ਹੋਇਆ ਸਿੱਧਾ ਦੁਕਾਨਾਂ ’ਚ ਜਾ ਵੜਿਆ।

ਜਾਣਕਾਰੀ ਅਨੁਸਾਰ ਐੱਚ.ਪੀ-73-ਏ-7367 ਨੰਬਰ ਵਾਲਾ ਕੈਂਟਰ ਮੁਕੇਰੀਆਂ ਵੱਲੋਂ ਗੁਰਦਾਸਪੁਰ ਜਾ ਰਿਹਾ ਸੀ। ਕੈਂਟਰ ਨੂੰ ਰਸ਼ੀਦ ਨਾਮਕ ਡਰਾਈਵਰ ਚਲਾ ਰਿਹਾ ਸੀ। ਜਦੋਂ ਉਹ ਚਾਵਾ ਪਿੰਡ ਦੀ ਚੜ੍ਹਾਈ ਪਾਰ ਕਰ ਕੇ ਨਵਾਂ ਸ਼ਾਲਾ ਬਾਜ਼ਾਰ ’ਚ ਦਾਖਲ ਹੋਣ ਲੱਗਾ, ਤਾਂ ਟੇਢੇ ਮੋੜ ’ਤੇ ਟਰਨ ਲੈਂਦੇ ਸਮੇਂ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਕੈਂਟਰ ਸਿੱਧਾ ਇਕ ਵੈਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਅੱਗੇ ਹੋਰ ਦੁਕਾਨਾਂ ਨਾਲ ਟਕਰਾ ਗਿਆ।

ਟੱਕਰ ਇੰਨੀ ਭਿਆਨਕ ਸੀ ਕਿ ਦੋ ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਇਸ ਦੌਰਾਨ ਦੁਕਾਨਾਂ ਦੇ ਪਿੱਛੇ ਸੜਕ ਕੰਢੇ ਬਿਜਲੀ ਵਿਭਾਗ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਟੁੱਟ ਕੇ ਉੱਡ ਗਏ, ਜਿਸ ਨਾਲ ਕਰੀਬ 40 ਬਿਜਲੀ ਮੀਟਰ ਪੂਰੀ ਤਰ੍ਹਾਂ ਨੁਕਸਾਨੀ ਗਏ।

ਗਨੀਮਤ ਇਹ ਰਹੀ ਕਿ ਹਾਦਸਾ ਰਾਤ ਕਰੀਬ 10-11 ਵਜੇ ਵਾਪਰਿਆ, ਜਦੋਂ ਬਾਜ਼ਾਰ ਬੰਦ ਸੀ ਅਤੇ ਉੱਥੇ ਕੋਈ ਰਾਹਗੀਰ ਮੌਜੂਦ ਨਹੀਂ ਸੀ। ਇਸ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਦੋਂ ਕਿ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।

ਪੀੜਤ ਦੁਕਾਨਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਸ਼ਾਮ ਨੂੰ ਆਪਣੇ ਘਰ ਪਿੰਡ ਗੁੰਨੋਪੁਰ ਚਲੇ ਗਏ ਸਨ। ਬਾਅਦ ’ਚ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀਆਂ ਵੈਲਡਿੰਗ ਦੀਆਂ ਦੋਵੇਂ ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਅੰਦਰ ਪਿਆ ਗੇਟਾਂ, ਗਰਿਲਾਂ ਅਤੇ ਹੋਰ ਸਮਾਨ ਵੀ ਨੁਕਸਾਨਿਆ ਗਿਆ ਹੈ।

ਪੀੜਤ ਅਨੁਸਾਰ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਟਰੱਕ ਚਾਲਕ ਦੇ ਸਾਥੀ ਨੇ ਕਿਹਾ ਕਿ ਹਾਦਸੇ ਦਾ ਮੁੱਖ ਕਾਰਨ ਟੇਢਾ ਮੋੜ ਅਤੇ ਅੱਗੋਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਵੱਲੋਂ ਓਵਰਟੇਕ ਕਰਨਾ ਸੀ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬ

Leave a Reply

Your email address will not be published. Required fields are marked *