ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ ਕਰਨ ਦੀ ਮਨਜ਼ੂਰੀ; ਸਟੈਂਪ ਡਿਊਟੀ ‘ਚ 100% ਛੋਟ ਤੇ ਦੋਹਰੇ ਟੈਕਸਾਂ ਤੋਂ ਮਿਲੀ ਮੁਕਤੀ: ਸੰਜੀਵ ਅਰੋੜਾ
ਚੰਡੀਗੜ੍ਹ, 1 ਅਪ੍ਰੈਲ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਉਦਯੋਗਿਕ ਪਲਾਟਾਂ ਅਤੇ ਸ਼ੈੱਡਾਂ ਨੂੰ ਫ੍ਰੀਹੋਲਡ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹੋਏ ਕਈ ਇਤਿਹਾਸਕ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਇਨ੍ਹਾਂ ਸੁਧਾਰਾਂ ਦਾ ਮੁੱਖ ਉਦੇਸ਼ ਸੂਬੇ ਵਿੱਚ ‘ਕਾਰੋਬਾਰ ਕਰਨ ਦੀ ਆਸਾਨੀ’ (Ease of Doing Business) ਨੂੰ ਹੋਰ ਮਜ਼ਬੂਤ ਕਰਨਾ ਅਤੇ ਨਿਵੇਸ਼ਕ ਪੱਖੀ ਮਾਹੌਲ ਸਿਰਜਣਾ ਹੈ।
ਸੰਜੀਵ ਅਰੋੜਾ ਅਨੁਸਾਰ, ਲੀਜ਼ਹੋਲਡ ਤੋਂ ਫ੍ਰੀਹੋਲਡ ਵਿੱਚ ਤਬਾਦਲੇ ਲਈ ਸਿਰਫ਼ 5 ਫੀਸਦ ਫੀਸ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ, 30 ਅਪ੍ਰੈਲ 2026 ਤੱਕ ਕੀਤੇ ਜਾਣ ਵਾਲੇ ਤਬਾਦਲਿਆਂ ਲਈ ਸਟੈਂਪ ਡਿਊਟੀ ਵਿੱਚ 100 ਫੀਸਦ ਛੋਟ ਦਿੱਤੀ ਜਾਵੇਗੀ। ਸਰਕਾਰ ਨੇ ਕਾਗਜ਼ੀ ਕਾਰਵਾਈ ਨੂੰ ਘਟਾਉਂਦੇ ਹੋਏ 18 ਲਾਜ਼ਮੀ ਸੇਵਾਵਾਂ ਨੂੰ ਵਿਕਲਪਿਕ ਬਣਾ ਦਿੱਤਾ ਹੈ ਅਤੇ ਨੋਟਰਾਈਜ਼ਡ ਹਲਫ਼ਨਾਮਿਆਂ ਦੀ ਥਾਂ ‘ਸਵੈ-ਘੋਸ਼ਣਾ’ ਨੂੰ ਪ੍ਰਵਾਨਗੀ ਦਿੱਤੀ ਹੈ।
ਉਦਯੋਗਿਕ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ ‘ਪੰਜਾਬ ਕਾਮਨ ਇੰਫਰਾਸਟਰੱਕਚਰ ਅਮੈਂਡਮੈਂਟ ਬਿੱਲ, 2026’ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਇਸ ਤਹਿਤ ਨਗਰ ਨਿਗਮ ਖੇਤਰਾਂ ਵਿੱਚ ਸਰਵਿਸ ਚਾਰਜਿਜ ਨੂੰ ਜਾਇਦਾਦ ਟੈਕਸ ਵਿੱਚ ਸ਼ਾਮਲ ਕਰਕੇ ਦੋਹਰੇ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਹੈ। ਬਿਜਲੀ ਦੇ ਬਿੱਲਾਂ ਰਾਹੀਂ ਸਰਵਿਸ ਚਾਰਜ ਇਕੱਤਰ ਕੀਤੇ ਜਾਣਗੇ, ਜਿਸ ਨਾਲ ਪ੍ਰਣਾਲੀ ਪਾਰਦਰਸ਼ੀ ਹੋਵੇਗੀ।
ਉਦਯੋਗਿਕ ਖੇਤਰਾਂ ਦੇ ਰੱਖ-ਰਖਾਅ ਲਈ ਉਦਯੋਗਪਤੀਆਂ ਦੀ ਅਗਵਾਈ ਹੇਠ ‘ਵਿਸ਼ੇਸ਼ ਉਦੇਸ਼ ਵਾਹਨ’ (SPVs) ਬਣਾਏ ਜਾਣਗੇ, ਜਿਨ੍ਹਾਂ ਨੂੰ 90 ਫੀਸਦ ਫੰਡ ਮੁਹੱਈਆ ਕਰਵਾਏ ਜਾਣਗੇ।
ਅਰੋੜਾ ਨੇ ਸਪੱਸ਼ਟ ਕੀਤਾ ਕਿ ਪਰਿਵਾਰਕ ਤਬਾਦਲੇ ਜਾਂ ਵਿਰਾਸਤ ਦੇ ਮਾਮਲਿਆਂ ਵਿੱਚ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਨੂੰ ਦੇਸ਼ ਦਾ ਸਭ ਤੋਂ ਪ੍ਰਤੀਯੋਗੀ ਅਤੇ ਉਦਯੋਗ-ਪੱਖੀ ਸੂਬਾ ਬਣਾਉਣ ਵੱਲ ਇੱਕ ਵੱਡੀ ਪੁਲਾਂਘ ਹੈ।
Read More : ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਪਿੰਡ-ਪਿੰਡ ਪਹੁੰਚਾਏਗਾ ਆਪ ਯੂਥ ਵਿੰਗ : ਪਰਮਿੰਦਰ ਗੋਲਡੀ
