ਭਰਾ ਨਾਲ ਦਿੱਲੀ ਤੋਂ ਪਰਤ ਰਹੀ ਸੀ ਨਿਕਿਤਾ
ਅੰਬਾਲਾ, 12 ਫਰਵਰੀ : ਹਰਿਆਣਾ ਦੇ ਅੰਬਾਲਾ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਿਸ ਅਧਿਕਾਰੀ ਦੀ ਲਾਪਰਵਾਹੀ ਨੇ 22 ਸਾਲਾ ਲੜਕੀ ਦੀ ਜਾਨ ਲੈ ਲਈ। ਮ੍ਰਿਤਕ ਲੜਕੀ ਦੀ ਪਛਾਣ ਨਿਕਿਤਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਵਰਦੀ ਪਾਈ ਹੋਈ ਸੀ।
ਜਾਣਕਾਰੀ ਅਨੁਸਾਰ ਨਿਕਿਤਾ ਆਪਣੇ ਭਰਾ ਹਰਸ਼ ਬਜਾਜ ਨਾਲ ਦਿੱਲੀ ਤੋਂ ਰੇਲਗੱਡੀ ਰਾਹੀਂ ਅੰਬਾਲਾ ਛਾਉਣੀ ਪਹੁੰਚੀ ਸੀ। ਰਾਤ ਲਗਭਗ 8:15 ਵਜੇ ਦੋਵੇਂ ਭੈਣ-ਭਰਾ ਅੰਬਾਲਾ ਛਾਉਣੀ ਤੋਂ ਸ਼ਹਿਰ ਜਾਣ ਲਈ ਇੱਕ ਈ-ਰਿਕਸ਼ਾ ਵਿੱਚ ਸਵਾਰ ਹੋਏ। ਜਦੋਂ ਉਹ ਕਾਲੀ ਪਲਟਨ ਪੁਲ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਪਹੁੰਚੇ, ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਨਿਕਿਤਾ ਸੜਕ ‘ਤੇ ਜਾ ਡਿੱਗੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਕਾਰ ਚਾਲਕ ਪੁਲਿਸ ਮੁਲਾਜ਼ਮ ਨੇ ਗੱਡੀ ਰੋਕਣ ਦੀ ਬਜਾਏ ਸੜਕ ‘ਤੇ ਡਿੱਗੀ ਨਿਕਿਤਾ ਦੇ ਉੱਪਰੋਂ ਗੱਡੀ ਲੰਘਾ ਦਿੱਤੀ। ਲੋਕਾਂ ਨੇ ਤੁਰੰਤ ਨਿਕਿਤਾ ਨੂੰ ਹਸਪਤਾਲ ਪਹੁੰਚਾਇਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ। ਲੋਕਾਂ ਦਾ ਦੋਸ਼ ਹੈ ਕਿ ਉਹ ਨਸ਼ੇ ਵਿੱਚ ਧੁੱਤ ਸੀ। ਸੂਚਨਾ ਮਿਲਦੇ ਹੀ ਡਾਇਲ 112 ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
