ਪਿੰਡ ਦੁੱਨੇਕੇ ਪੁਲਸ ਛਾਉਣੀ ’ਚ ਤਬਦੀਲ, ਪੀੜਤ ਬੋਲੇ-ਮਾਣਯੋਗ ਅਦਾਲਤ ਦੇ ਸਟੇਅ ਆਰਡਰਾਂ ਦੀ ਕੀਤੀ ਅਣਦੇਖੀ
ਮੋਗਾ, 22 ਜੁਲਾਈ :-ਭਾਰਤ ਮਾਲਾ ਪ੍ਰਾਜੈਕਟ ਅਧੀਨ ਨੈਸ਼ਨਲ ਹਾਈਵੇ 105 ਜੋ ਮੋਗਾ ਦੇ ਪਿੰਡ ਦੁੱਨੇਕੇ ਤੋਂ ਬਠਿੰਡਾ ਤਕ ਬਣਾਇਆ ਜਾ ਰਿਹਾ ਹੈ, ਉਸਦੇ ਅਧੀਨ ਮੋਗਾ ਦੇ ਪਿੰਡ ਦੁੱਨੇਕੇ ਵਿਚ ਜ਼ਮੀਨਾਂ ਨੂੰ ਐਕਵਾਇਰ ਕਰਨ ਦੇ ਮਾਮਲੇ ’ਚ ਪੁਲਸ ਅਤੇ ਨੈਸ਼ਨਲ ਹਾਈਵੇ ਅਧਿਕਾਰੀਆਂ ਨੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਜੇ. ਸੀ. ਬੀ. ਮਸ਼ੀਨ ਨਾਲ ਜ਼ਮੀਨ ਐਕਵਾਇਰ ਕੀਤੇ ਗਏ ਘਰਾਂ ਉਤੇ ਪੀਲਾ ਪੰਜਾ ਚਲਾਇਆ ਗਿਆ।
ਰਾਸ਼ਟਰੀ ਰਾਜਮਾਰਗ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਰਾਸ਼ਟਰੀ ਰਾਜਮਾਰਗ 105 ਅਧੀਨ ਮੋਗਾ ਦੇ ਪਿੰਡ ਦੁੱਨੇਕੇ ਵਿਚ ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਣੀ ਸੀ, ਉਨ੍ਹਾਂ ਨੂੰ ਸਰਕਾਰ ਵੱਲੋਂ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਨੋਟਿਸ ਵੀ ਦਿੱਤੇ ਗਏ ਸਨ, ਜਿਸ ਦੀ ਸਮਾਂ ਸੀਮਾ ਪੂਰੀ ਹੋਣ ਤੋਂ ਬਾਅਦ, ਪਿੰਡ ਦੁੱਨੇਕੇ ਵਿਚ ਐਕੁਆਇਰ ਕੀਤੀ ਗਈ ਜ਼ਮੀਨ ਨੂੰ ਹੁਣ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਇਸ ਪ੍ਰਾਜੈਕਟ ਅਧੀਨ ਆਈ ਹੈ, ਉਨ੍ਹਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਪੂਰਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਨੋਟਿਸ ਵੀ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਕਬਜ਼ਾ ਲੈਣ ਮੌਕੇ ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦਾਂ ਨੇ ਕਿਹਾ ਕਿ ਸਾਡੀ ਜਗ੍ਹਾ ਵਪਾਰਕ ਹੈ ਅਤੇ ਇਸ ਦਾ ਰੇਟ 12 ਲੱਖ ਰੁਪਏ ਪ੍ਰਤੀ ਮਰਲਾ ਹੈ, ਪਰ ਸਰਕਾਰ ਸਾਨੂੰ 1 ਲੱਖ ਰੁਪਏ ਪ੍ਰਤੀ ਮਰਲਾ ਦੇ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕਿਤੇ ਵੀ ਓਨੀ ਹੀ ਜ਼ਮੀਨ ਦੇਵੇ ਜਿੰਨੀ ਉਹ ਸਾਡੇ ਤੋਂ ਲੈ ਰਹੀ ਹੈ, ਤਾਂ ਜੋ ਅਸੀਂ ਆਪਣਾ ਮੁੜ ਵਸੇਬਾ ਕਰ ਸਕੀਏ।
ਇਸ ਮੌਕੇ ਕਈ ਲੋਕਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇੱਥੇ 3-4 ਲੱਖ ਰੁਪਏ ਪ੍ਰਤੀ ਮਰਲਾ ਵਿਚ ਜ਼ਮੀਨ ਖਰੀਦੀ ਸੀ, ਪਰ ਹੁਣ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਬਜਾਏ 1 ਲੱਖ ਰੁਪਏ ਪ੍ਰਤੀ ਮਰਲਾ ਦੇ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇ ਜਾਂ ਇੰਨੀ ਜ਼ਮੀਨ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ’ਤੇ ਉਪਲਬੱਧ ਕਰਵਾਵੇ।
ਇਸ ਮੌਕੇ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਨਾਲ ਵੱਡੀ ਪੁਲਸ ਫੋਰਸ ਸੀ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਕੋਲ ਜੇ. ਸੀ. ਬੀ. ਮਸ਼ੀਨਾਂ ਸਨ ਅਤੇ ਉਨ੍ਹਾਂ ਨੇ ਨੋਟਿਸ ਪੀਰੀਅਡ ਖਤਮ ਹੋਣ ਤੋਂ ਬਾਅਦ ਆਪਣੀ ਕਾਰਵਾਈ ਪੂਰੀ ਕੀਤੀ।
Read More : ਲੱਦਾਖ ਦੇ ਉਪ ਰਾਜਪਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ