ਪਾਕਿ ਕਰੰਸੀ ਬਰਾਮਦ, ਬੀ. ਐੱਸ. ਐੱਫ਼. ਅਧਿਕਾਰੀ ਕਰ ਰਹੇ ਪੁੱਛਗਿੱਛ
ਫਿਰੋਜ਼ਪੁਰ, 20 ਜੁਲਾਈ : ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 155ਵੀਂ ਬਟਾਲੀਅਨ ਦੇ ਜਵਾਨਾਂ ਨੇ ਸਨੀਵਾਰ ਨੂੰ ਇਕ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਸਰਹੱਦ ‘ਚ ਘੁਮਪੈਠ ਕਰਦੇ ਹੋਏ ਫੜਿਆ ਹੈ। ਇਹ ਘਟਨਾ ਬਾਰਡਰ ਆਊਟ ਪੋਸਟ (ਬੀ. ਓ. ਪੀ.) ਕੇ. ਐੱਮ. ਐੱਸ. ਵਾਲਾ ਜ਼ਿਲਾ ਫਿਰੋਜ਼ਪੁਰ ਦੇ ਨਜ਼ਦੀਕ ਦੀ ਹੈ, ਜਿੱਥੇ ਬੀ. ਐੱਸ. ਐੱਫ. ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਸ਼ੱਕੀ ਗਤੀਵਿਧੀ ਦੌਰਾਨ ਕਾਬੂ ਕੀਤਾ।
ਬੀ. ਐੱਸ. ਐੱਫ਼. ਅਧਿਕਾਰੀਆਂ ਅਨੁਸਾਰ ਬੀ. ਓ. ਪੀ. ਕੋਲ ਸਥਿਤ ਸਰਹੱਦੀ ਪਿੱਲਰ ਨੰਬਰ 190/4 ਦੇ ਨੇੜੇ ਤਾਇਨਾਤ ਜਵਾਨਾਂ ਨੇ ਵਾੜ ਦੇ ਪਾਰ ਕੁਝ ਸ਼ੱਕੀ ਹਰਕਤ ਦੇਖੀ। ਜਵਾਨ ਤੁਰੰਤ ਸੁਚੇਤ ਹੋ ਗਏ ਅਤੇ ਘੁਸਪੈਠੀਏ ਨੂੰ ਚੁਣੌਤੀ ਦਿੱਤੀ ਪਰ ਉਹ ਬਿਨਾਂ ਰੁਕੇ ਅੱਗੇ ਵਧਦਾ ਰਿਹਾ। ਕੁਝ ਹੀ ਪਲਾਂ ਵਿਚ ਉਹ ਭਾਰਤੀ ਖੇਤਰ ਵਿਚ ਲਗਭਗ 80 ਮੀਟਰ ਅੰਦਰ ਦਾਖ਼ਲ ਹੋ ਗਿਆ, ਜਿਸਨੂੰ ਫੌਜ ਦੇ ਜਵਾਨਾਂ ਨੇ ਫੜ ਲਿਆ।
ਇਸ ਦੌਰਾਨ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਮੁਜਾਮਿਲ ਹੁਸੈਨ (24) ਪੁੱਤਰ ਮੁਹੰਮਦ ਹੁਸੈਨ, ਵਾਸੀ ਮੀਆਂ ਛਨੂੰ ਪਿੰਡ, ਜ਼ਿਲ੍ਹਾ ਖਾਨੇਵਾਲ ਪਾਕਿਸਤਾਨ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਸ ਤੋਂ 20 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ , ਉਸ ਕੋਲ ਕੋਈ ਹਥਿਆਰ ਜਾਂ ਸ਼ੱਕੀ ਸਮੱਗਰੀ ਨਹੀਂ ਸੀ।
ਫ਼ਿਲਹਾਲ, ਗ੍ਰਿਫ਼ਤਾਰ ਪਾਕਿਸਤਾਨੀ ਨਾਗਰਿਕ ਨੂੰ ਮੁੱਢਲੀ ਪੁੱਛਗਿੱਛ ਲਈ ਬੀਓਪੀ ਬੈਰੀਅਰ ‘ਤੇ ਲਿਆਂਦਾ ਗਿਆ ਹੈ। ਇਸ ਸਬੰਧੀ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਗ਼ਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਾਂ ਇਸ ਪਿੱਛੇ ਕੋਈ ਖਾਸ ਇਰਾਦਾ ਸੀ।
Read More : ਭੀਖ ਮੰਗਣ ਵਾਲੀ ਔਰਤ ਸਮੇਤ 6 ਬੱਚੇ ਗ੍ਰਿਫਤਾਰ