3 ਗੰਭੀਰ ਜ਼ਖਮੀ
ਫਿਲੌਰ, 8 ਜੁਲਾਈ :- ਅੱਜ ਫਿਲੌਰ ਦੇ ਰਾਸ਼ਟਰੀ ਰਾਜ ਮਾਰਗ ’ਤੇ ਮਾਰਬਲ ਟਾਈਲਾਂ ਨਾਲ ਭਰਿਆ ਇਕ ਫੋਰ-ਵ੍ਹੀਲਰ ਪਲਟ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 3 ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਪਿੰਡ ਭੱਟੀਆਂ ਨੇੜੇ ਸ਼ਹਿਨਾਈ ਪੈਲੇਸ ਨੇੜੇ ਵਾਪਰਿਆ। ਹਾਦਸੇ ਸਮੇਂ ਵਾਹਨ ’ਚ 6 ਲੋਕ ਸਵਾਰ ਸਨ।
ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਫਿਲੌਰ ਦੇ ਰਾਸ਼ਟਰੀ ਰਾਜ ਮਾਰਗ ’ਤੇ ਟਾਈਲਾਂ ਨਾਲ ਭਰਿਆ ਇਕ ਫੋਰ-ਵ੍ਹੀਲਰ ਜੋ ਕਿ ਲੁਧਿਆਣਾ ਤੋਂ ਜਲੰਧਰ ਵੱਲ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਅਚਾਨਕ ਬੇਕਾਬੂ ਹੋ ਗਿਆ, ਜਿਸ ਕਾਰਨ ਹਾਈਵੇ ’ਤੇ ਪਲਟ ਗਿਆ। ਗੱਡੀ ’ਚ ਸਵਾਰ 6 ਮਜ਼ਦੂਰਾਂ ’ਚੋਂ 3 ਭਾਰੀ ਟਾਈਲਾਂ ਹੇਠਾਂ ਦੱਬ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੇ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਪੁਲਸ ਪਾਰਟੀ ਨਾਲ ਉਥੇ ਪਹੁੰਚੇ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ’ਚ ਪੇਂਟਰ ਨਿਵਾਸੀ ਬਿਹਾਰ, ਲਕਸ਼ਮਣ ਅਤੇ ਸੋਢੀ ਉਰਫ ਭੱਟੀ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਲੋਕ ਲੱਕੀ ਪੁੱਤਰ ਭੁਪਿੰਦਰ ਵਾਸੀ ਲੁਧਿਆਣਾ, ਸ਼ਰਨਜੀਤ ਪੁੱਤਰ ਪਿਆਰਾ ਲਾਲ ਵਾਸੀ ਹੁਸ਼ਿਆਰਪੁਰ, ਆਕਾਸ਼ ਪੁੱਤਰ ਯਥਾ ਬਹਾਦਰ ਵਾਸੀ ਨੇਪਾਲ ਜੋ ਗੰਭੀਰ ਜ਼ਖਮੀ ਹੋਏ ਹਨ, ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
Read More : ਦੋ ਭਰਾਵਾਂ ਦੀ ਰਹੱਸਮਈ ਮੌਤ, ਖੁਦਕੁਸ਼ੀ ਦਾ ਸ਼ੱਕ
