ਇਕ ਦੀ ਮੌਤ, ‘ਆਪ’ ਦੇ ਸਰਪੰਚ ਸਮੇਤ 5 ਗੰਭੀਰ ਜ਼ਖਮੀ
ਸੰਗਤਾਂ ਅਤੇ ਸਿੰਗਰ ਸਟੇਜ ਛੱਡ ਕੇ ਭੱਜੇ
ਬਟਾਲਾ, 30 ਜੂਨ :-ਬੀਤੀ ਅੱਧੀ ਰਾਤ ਤੋਂ ਬਾਅਦ ਡੇਢ ਵਜੇ ਦੇ ਕਰੀਬ ਬੋਦੇ ਦੀ ਖੂਹੀ ਵਿਖੇ ਪੀਰ ਬਾਬਾ ਦੀ ਦਰਗਾਹ ’ਤੇ ਚੱਲ ਰਹੇ ਧਾਰਮਿਕ ਮੇਲੇ ਦੌਰਾਨ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਨਾਲ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਸਮੇਤ 6 ਜਣੇ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਮੁਤਾਬਕ ਪਿੰਡ ਬੋਦੇ ਦੀ ਖੂਹੀ ਵਿਖੇ ਪੀਰ ਬਾਬੇ ਦੀ ਦਰਗਾਹ ’ਤੇ ਰਾਤ ਸਮੇਂ ਧਾਰਮਿਕ ਮੇਲਾ ਚੱਲ ਰਿਹਾ ਸੀ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਪੌਣੇ 2 ਵਜੇ ਦੇ ਕਰੀਬ ਮੇਲੇ ਵਿਚ ਜਸਪ੍ਰੀਤ ਸਿੰਘ ਆਪਣੇ ਸਾਥੀ ਸਮੇਤ ਆਇਆ ਤਾਂ ਇਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਿੰਘ ਉਰਫ ਸਾਬਾ ਪਿੰਡ ਬੋਦੇ ਦੀ ਖੁੂਹੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।
ਇਸ ਦੌਰਾਨ ਦੋਵਾਂ ਦਰਮਿਆਨ ਤਾਬੜਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਸਿੱਟੇ ਵਜੋਂ ਉਕਤ ਸਰਪੰਚ ਸਮੇਤ ਕੁਲ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀ ਹੋਣ ਵਾਲਿਆਂ ਵਿਚ ਸਰਪੰਚ ਗੁਰਦੇਵ ਸਿੰਘ ਉਰਫ ਸਾਬਾ, ਸੰਦੀਪ ਕੁਮਾਰ ਪੁੱਤਰ ਨੱਥਾ ਰਾਮ ਵਾਸੀ ਬੋਦੇ ਦੀ ਖੂਹੀ, ਬਿਕਰਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭਾਗੋਵਾਲ, ਰੋਜ਼ੀ ਪਤਨੀ ਮਨੋਜ ਕੁਮਾਰ ਵਾਸੀ ਲੁਧਿਆਣਾ ਅਤੇ ਸਾਹਿਲ ਪੁੱਤਰ ਅਸ਼ੋਕ ਕੁਮਾਰ ਵਾਸੀ ਗਾਂਧੀ ਕੈਂਪ ਬਟਾਲਾ ਸਮੇਤ ਜਸਪ੍ਰੀਤ ਸਿੰਘ ਦਾ ਨਾਂ ਵਰਣਨਯੋਗ ਹਨ।
ਉਕਤ ਸਾਰੇ ਜ਼ਖਮੀਆਂ ਨੂੰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰ ਕੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਜ਼ਖਮੀਆਂ ’ਚੋਂ ਜਸਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਸ ਮੌਕੇ ਗੋਲੀਆਂ ਦੀ ਆਵਾਜ਼ ਸੁਣਦਿਆਂ ਮੇਲੇ ਵਿਚ ਹਾਜ਼ਰੀ ਭਰਨ ਲਈ ਪਹੁੰਚੀ ਸੰਗਤ ਅਤੇ ਸੂਫੀ ਗਾਇਕ ਸਟੇਜ ਛੱਡ ਕੇ ਮੌਕੇ ਤੋਂ ਆਪਣੀ ਜਾਨ ਬਚਾਉਂਦੇ ਹੋਏ ਭੱਜ ਗਏ। ਜਦਕਿ ਦੂਜੀ ਧਿਰ ਦੇ ਜਸਪ੍ਰੀਤ ਸਿੰਘ ਨਾਲ ਆਇਆ ਇਸਦਾ ਦਾ ਇਕ ਸਾਥੀ ਵੀ ਮੌਕੇ ਤੋਂ ਫਰਾਰ ਹੋ ਗਿਆ।
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਡੀ. ਐੱਸ. ਪੀ. ਸਕਿਓਰਟੀ ਕਸਤੂਰੀ ਲਾਲ ਅਤੇ ਐੱਸ. ਐੱਚ. ਓ. ਸਿਵਲ ਲਾਈਨ ਨਿਰਮਲ ਸਿੰਘ ਭਾਰੀ ਪੁਲਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਲੋਕਾਂ ਕੋਲੋਂ ਮਾਮਲੇ ਸਬੰਧੀ ਜਾਣਕਾਰੀ ਲੈਣੀ ਆਰੰਭ ਕੀਤੀ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਹਮਲਾਵਰ ਦਾ ਮੁਖ ਨਿਸ਼ਾਨਾ ਸਰਪੰਚ ਸਾਬਾ ਸੀ।
ਇਸ ਸਬੰਧੀ ਐੱਸ. ਐੱਚ. ਓ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜ਼ਖਮੀਆਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
Read More : ਸਿਵਲ ਹਸਪਤਾਲ ਤੇਲ ਘਪਲਾ