ਇਕ ਕਾਰ ਪੁਲ ਤੋਂ ਹੇਠਾਂ ਡਿੱਗੀ
ਕਪੂਰਥਲਾ, 28 ਜੂਨ : ਅੱਜ ਸਵੇਰ ਕਪੂਰਥਲਾ ’ਚ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਢਿੱਲਵਾਂ ਟੋਲ ਪਲਾਜ਼ਾ ਨੇੜੇ ਗੁਡਾਣਾ ਪੁਲ ਨੇੜੇ 2 ਵਾਹਨਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ’ਚ 2 ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 14 ਲੋਕ ਜ਼ਖ਼ਮੀ ਹੋ ਗਏ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਗਏ। ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ਨੂੰ ਕਰਨਾਲ ਨਿਵਾਸੀ ਭਾਮ ਪੁੱਤਰ ਧਰਮਪਾਲ ਚਲਾ ਰਿਹਾ ਸੀ। ਇਸ ਹਾਦਸੇ ’ਚ ਦੋ ਔਰਤਾਂ ਪ੍ਰਵੀਨ ਕੁਮਾਰੀ ਸੰਜਨਾ ਅਤੇ ਪ੍ਰਵੀਨ ਕੁਮਾਰੀ ਦੇ ਪਤੀ ਕਲਿਆਣ ਸਿੰਘ ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ, ਦੀ ਮੌਤ ਹੋ ਗਈ।
ਸੜਕ ਸੁਰੱਖਿਆ ਬਲ ਦੇ ਦਿਆਲਪੁਰ-ਬਿਆਸ ਰੂਟ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ ਦੇ ਅਨੁਸਾਰ ਉਨ੍ਹਾਂ ਨੂੰ ਸਵੇਰੇ 5 ਵਜੇ ਦੇ ਕਰੀਬ ਇਕ ਰਾਹਗੀਰ ਤੋਂ ਹਾਦਸੇ ਦੀ ਸੂਚਨਾ ਮਿਲੀ।
ਸੂਚਨਾ ਮਿਲਦੇ ਹੀ ਉਹ ਆਪਣੇ ਸਾਥੀਆਂ ਕਾਂਸਟੇਬਲ ਵਿਕਾਸ ਅਤੇ ਕਾਂਸਟੇਬਲ ਜਗਤਾਰ ਸਿੰਘ ਨਾਲ ਮੌਕੇ ’ਤੇ ਪਹੁੰਚ ਗਏ। ਸਾਰੇ ਜ਼ਖ਼ਮੀਆਂ ਨੂੰ ਬਿਆਸ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਢਿਲਵਾਂ ਦੇ ਐੱਸ. ਐੱਚ. ਓ. ਦਲਵਿੰਦਰਬੀਰ ਸਿੰਘ ਨੇ ਕਿਹਾ ਕਿ ਏ. ਐੱਸ. ਆਈ. ਮੂਰਤੀ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।