ਹਾਕੀ ਪੁਰਸ਼ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦੀ ਹੈਟ੍ਰਿਕ

ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ

ਮਸਕਟ : ਭਾਰਤ ਨੇ ਬੁੱਧਵਾਰ ਨੂੰ ਇੱਥੇ ਹਾਕੀ ਦੇ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ‘ਚ ਕੱਟੜ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਖਿਤਾਬ ਦੀ ਹੈਟ੍ਰਿਕ ਲਗਾਈ। ਮਹਾਂਦੀਪੀ ਟੂਰਨਾਮੈਂਟ ਵਿਚ ਭਾਰਤ ਦਾ ਇਹ 5ਵਾਂ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ।

ਕੋਵਿਡ-19 ਮਹਾਮਾਰੀ ਕਾਰਨ ਇਹ ਟੂਰਨਾਮੈਂਟ 2021 ਵਿਚ ਨਹੀਂ ਕਰਵਾਇਆ ਗਿਆ ਸੀ। ਅਰਿਜੀਤ ਸਿੰਘ ਹੁੰਦਲ ਨੇ 4ਵੇਂ, 18ਵੇਂ ਅਤੇ 54ਵੇਂ ਮਿੰਟ ਵਿਚ 3 ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਅਤੇ 47ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਭਾਰਤ ਲਈ ਇਕ ਹੋਰ ਗੋਲ ਦਿਲਰਾਜ ਸਿੰਘ (19ਵੇਂ ਮਿੰਟ) ਨੇ ਕੀਤਾ। ਪਾਕਿਸਤਾਨ ਲਈ ਸੂਫੀਆਨ ਖਾਨ (30ਵੇਂ ਅਤੇ 39ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ, ਜਦੋਂਕਿ ਹਨਾਨ ਸ਼ਾਹਿਦ ਨੇ ਤੀਜੇ ਮਿੰਟ ਵਿਚ ਮੈਦਾਨੀ ਗੋਲ ਕੀਤਾ। ਇਸ ਤੋਂ ਪਹਿਲਾਂ ਜਾਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਸੀ।

ਪਾਕਿਸਤਾਨ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਤੀਜੇ ਮਿੰਟ ਵਿਚ ਹੀ ਸ਼ਾਹਿਦ ਦੇ ਮੈਦਾਨੀ ਗੋਲ ਨਾਲ ਲੀਡ ਲੈ ਲਈ। ਭਾਰਤ ਨੇ ਆਪਣਾ ਪਹਿਲਾ ਪੈਨਲਟੀ ਕਾਰਨਰ ਕੁਝ ਹੀ ਸਕਿੰਟਾਂ ਬਾਅਦ ਹਾਸਲ ਕੀਤਾ ਜਦੋਂ ਹੁੰਦਲ ਨੇ ਪਾਕਿਸਤਾਨੀ ਗੋਲਕੀਪਰ ਦੇ ਸੱਜੇ ਪਾਸੇ ਸ਼ਕਤੀਸ਼ਾਲੀ ਡਰੈਗ ਫਲਿੱਕ ਨਾਲ ਬਰਾਬਰੀ ਕਰ ਲਈ। ਭਾਰਤ ਨੇ ਦੂਜੇ ਕੁਆਰਟਰ ਵਿਚ ਆਪਣੀ ਖੇਡ ਵਿਚ ਸੁਧਾਰ ਕੀਤਾ ਅਤੇ 18ਵੇਂ ਮਿੰਟ ਵਿਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਹੁੰਦਲ ਨੇ ਗੋਲ ਵਿਚ ਬਦਲ ਦਿੱਤਾ।

ਇਸ ਤੋਂ ਇਕ ਮਿੰਟ ਬਾਅਦ ਦਿਲਰਾਜ ਦੇ ਸ਼ਾਨਦਾਰ ਮੈਦਾਨੀ ਗੋਲ ਨੇ ਭਾਰਤ ਦੀ ਬੜ੍ਹਤ 3-1 ਨਾਲ ਵਧਾ ਦਿੱਤੀ। ਪਾਕਿਸਤਾਨ ਨੇ 30ਵੇਂ ਮਿੰਟ ਵਿਚ ਸੂਫੀਆਨ ਦੇ ਪੈਨਲਟੀ ਕਾਰਨਰ ਦੇ ਗੋਲ ਰਾਹੀਂ ਸਕੋਰ 2-3 ਕਰ ਦਿੱਤਾ।

ਸੂਫੀਆਨ ਨੇ 39ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਪਾਕਿਸਤਾਨ ਨੂੰ ਬਰਾਬਰੀ ਦਿਵਾਈ। ਭਾਰਤ ਨੇ ਆਖਰੀ ਕੁਆਰਟਰ ਵਿਚ 47ਵੇਂ ਮਿੰਟ ਵਿਚ ਆਪਣਾ ਤੀਜਾ ਪੈਨਲਟੀ ਕਾਰਨਰ ਜਿੱਤ ਲਿਆ ਪਰ ਹੁੰਦਲ ਦੇ ਸ਼ਾਟ ਨੂੰ ਪਾਕਿਸਤਾਨ ਦੇ ਗੋਲਕੀਪਰ ਮੁਹੰਮਦ ਜੰਜੂਆ ਨੇ ਬਚਾ ਲਿਆ।

ਹਾਲਾਂਕਿ ਹੁੰਦਲ ਨੇ ਕੁਝ ਸਕਿੰਟਾਂ ਬਾਅਦ ਹੀ ਮੈਦਾਨੀ ਗੋਲ ਕਰਕੇ ਭਾਰਤ ਨੂੰ ਮੁੜ ਬੜ੍ਹਤ ਦਿਵਾਈ। ਭਾਰਤ ਨੇ ਆਖਰੀ 10 ਮਿੰਟਾਂ ‘ਚ ਪਾਕਿਸਤਾਨ ‘ਤੇ ਜ਼ੋਰਦਾਰ ਦਬਾਅ ਬਣਾਇਆ ਅਤੇ ਕੁਝ ਹੋਰ ਪੈਨਲਟੀ ਕਾਰਨਰ ਜਿੱਤੇ ਅਤੇ ਹੁੰਦਲ ਨੇ ਇਕ ਵਾਰ ਫਿਰ ਸ਼ਾਨਦਾਰ ਪਰਿਵਰਤਨ ਗੋਲ ਕਰਕੇ ਟੀਮ ਦੀ 5-3 ਨਾਲ ਜਿੱਤ ਯਕੀਨੀ ਬਣਾਈ।

Leave a Reply

Your email address will not be published. Required fields are marked *