ਕਈ ਜ਼ਿਲ੍ਹਿਆਂ ਵਿਚ ਪਿਆ ਮੀਂਹ
ਪਠਾਨਕੋਟ, 23 ਜੂਨ : ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਐਤਵਾਰ ਨੂੰ ਪਠਾਨਕੋਟ ਰਾਹੀਂ ਪੰਜਾਬ ਵਿਚ ਦਾਖ਼ਲ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ ਅਤੇ ਫ਼ਿਰੋਜ਼ਪੁਰ ਵਿਚ ਮੀਂਹ ਪਿਆ। ਮੀਂਹ ਤੋਂ ਬਾਅਦ ਪੰਜਾਬ ਵਿਚ ਔਸਤ ਦਿਨ ਦਾ ਤਾਪਮਾਨ 0.7 ਡਿਗਰੀ ਸੈਲਸੀਅਸ ਘੱਟ ਗਿਆ ਹੈ। ਹੁਣ ਵੀ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ।
ਐਤਵਾਰ ਨੂੰ ਬਠਿੰਡਾ ਸਭ ਤੋਂ ਗਰਮ ਸਥਾਨ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 39.0 ਡਿਗਰੀ ਸੈਲਸੀਅਸ ਰਿਹਾ। ਸ਼ਾਮ 5:30 ਵਜੇ ਤੱਕ, ਲੁਧਿਆਣਾ ਵਿੱਚ 49 ਮਿਲੀਮੀਟਰ, ਅੰਮ੍ਰਿਤਸਰ ਵਿੱਚ 39 ਮਿਲੀਮੀਟਰ, ਪਠਾਨਕੋਟ ਵਿੱਚ 5 ਮਿਲੀਮੀਟਰ ਅਤੇ ਫ਼ਿਰੋਜ਼ਪੁਰ ਵਿਚ 1 ਮਿਲੀਮੀਟਰ ਮੀਂਹ ਪਿਆ।
ਭਾਰੀ ਬਾਰਿਸ਼ ਦੇ ਬਾਵਜੂਦ, ਭਾਖੜਾ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਆਮ ਨਾਲੋਂ ਬਹੁਤ ਘੱਟ ਹੈ। ਸ਼ਨੀਵਾਰ ਨੂੰ, ਭਾਖੜਾ ਡੈਮ ਦਾ ਪਾਣੀ ਦਾ ਪੱਧਰ 1,560.32 ਫੁੱਟ ਸੀ, ਜੋ ਕਿ ਪਿਛਲੇ ਸਾਲ 21 ਜੂਨ ਦੇ ਮੁਕਾਬਲੇ ਲਗਭਗ 25 ਫੁੱਟ ਘੱਟ ਹੈ। ਡੈਮ ਵਿੱਚ ਪਾਣੀ ਦੀ ਆਮਦ 32,699 ਕਿਊਸਿਕ ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ ਉਸੇ ਦਿਨ 34,525 ਕਿਊਸਿਕ ਸੀ।
ਹਾਲਾਂਕਿ ਝੋਨੇ ਦੀ ਬਿਜਾਈ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਸਿੰਚਾਈ ਦੀ ਮੰਗ ਵੱਧ ਹੋਣ ਕਾਰਨ, 34,500 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ ਆਮਦ ਤੋਂ ਵੱਧ ਸੀ।
Read More : ਵਿੱਤ ਮੰਤਰੀ ਦੇ ਯਤਨਾਂ ਸਦਕਾ ਹਲਕਾ ਦਿੜ੍ਹਬਾ ਨੂੰ ਮਿਲੇ ਤਿੰਨ ਖੇਡ ਕੋਚ