6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਐੱਨ. ਡੀ. ਆਰ. ਐੱਫ. ਟੀਮਾਂ ਨੇ ਕੱਢਿਆ ਬਾਹਰ
ਮਾਨਸਾ, 16 ਜੂਨ :- ਮਾਨਸਾ ਦੇ ਪਿੰਡ ਜੋਗਾ ’ਚ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਆਪਣੀ ਮਾਸੀ ਕੋਲ ਰਹਿਣ ਆਈ ਇਕ 21 ਸਾਲਾ ਲੜਕੀ ਦੀ ਖੂਹ ’ਚ ਡਿੱਗਣ ਕਾਰਨ ਮੌਤ ਹੋ ਗਈ। ਉਸ ਨੂੰ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਹ ਦਮ ਤੋੜ ਗਈ ਸੀ।
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਮੋਗਾ ਦੇ ਪਿੰਡ ਕਿਸ਼ਨਪੁਰਾ ਦੀ 21 ਸਾਲਾ ਸ਼ਾਜੀਆ ਪੁੱਤਰੀ ਸ਼ਰੀਫ ਮੁਹੰਮਦ ਖਾਨ ਆਪਣੀ ਮਾਸੀ ਕੋਲ ਜੋਗਾ ਵਿਖੇ ਆਈ ਹੋਈ ਸੀ। ਸਵੇਰ ਸਮੇਂ ਉਹ ਪਿੰਡ ਦੇ ਇਕ ਪੁਰਾਣੇ 120 ਫੁੱਟ ਡੂੰਘੇ ਖੂਹ ’ਚ ਡਿੱਗ ਗਈ। ਉਸ ਦੇ ਡਿੱਗਣ ਤੋਂ ਬਾਅਦ ਜਦੋਂ ਹੋਰਨਾਂ ਬੱਚਿਆਂ ਨੇ ਰੌਲਾ ਪਾਇਆ ਤਾਂ ਨਗਰ ਵਾਸੀ, ਪੁਲਸ ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ 6 ਘੰਟਿਆਂ ਬਾਅਦ ਉਸ ਨੂੰ ਖੂਹ ’ਚੋਂ ਬਾਹਰ ਕੱਢਿਆ। 120 ਫੁੱਟ ਡੂੰਘੇ ਪੁਰਾਣੇ ਖੂਹ ’ਚ 20 ਫੁੱਟ ਤੱਕ ਪਾਣੀ ਭਰਿਆ ਹੋਇਆ ਸੀ। ਪਾਣੀ ਵਿਚ ਡਿੱਗਣ ਤੇ ਆਕਸੀਜਨ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਥਾਣਾ ਜੋਗਾ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੇ ਮਾਸੜ ਬੂਟਾ ਸਿੰਘ ਨੇ ਦੱਸਿਆ ਕਿ ਇਹ ਘਟਨਾ ਕਿਵੇਂ ਵਾਪਰੀ, ਸਮਝ ਤੋਂ ਬਾਹਰ ਹੈ।
Read More : ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਸਬੰਧੀ ਅਗਲੀ ਸੁਣਵਾਈ 23 ਨੂੰ
